ਜਲਾਲਾਬਾਦ ਜ਼ਿਲ੍ਹੇ ''ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਬੰਦਾਂ ਨੇ ਦੁਕਾਨਦਾਰ ''ਤੇ ਕੀਤਾ ਹਮਲਾ
Thursday, Aug 13, 2020 - 03:28 PM (IST)

ਜਲਾਲਾਬਾਦ,(ਸੇਤੀਆ,ਟੀਨੂੰ,ਸੁਮਿਤ)- ਸ਼ਹਿਰ ਦੇ ਬਾਹਮਣੀ ਵਾਲਾ ਰੋਡ ਸਥਿਤ ਇਕ ਟੈਲੀਕਾਮ ਦੀ ਦੁਕਾਨ 'ਤੇ ਅੱਜ ਦਰਜ਼ਨ ਭਰ ਹਥਿਆਰਬੰਦਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਦਿਆਂ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਜ਼ਖਮੀ ਅਮਨਦੀਪ ਅਨੇਜਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਅਮਨਦੀਪ ਅਨੇਜਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀ ਦੁਕਾਨ 'ਚ ਮੋਬਾਇਲ ਚੋਰੀ ਹੋਇਆ ਸੀ ਅਤੇ ਉਸ ਤੋਂ ਬਾਅਦ ਸ਼ੋਸਲ ਮੀਡੀਆ 'ਤੇ ਚੋਰੀ ਦੀ ਵਾਰਦਾਤ ਦੀ ਸੀ. ਸੀ. ਟੀ. ਵੀ. ਵੀਡਿਓ ਪਾ ਕੇ ਚੋਰ ਲੱਭ ਰਹੇ ਸੀ ਅਤੇ ਲਾਧੂਕਾ ਦੇ ਨਜ਼ਦੀਕ ਇਕ ਪਿੰਡ ਨਾਲ ਸਬੰਧਿਤ ਚੋਰ ਪਾਸੋ ਮੋਬਾਇਲ ਮਿਲ ਗਿਆ ਅਤੇ ਉਹ ਮੋਬਾਇਲ ਉਹ ਵਾਪਿਸ ਲੈ ਆਏ। ਜ਼ਖਮੀ ਅਮਨ ਦੀਪ ਅਨੇਜਾ ਨੇ ਦੱਸਿਆ ਕਿ ਹਮਲਾਵਰਾਂ ਨੇ ਸੋਸ਼ਲ ਮੀਡੀਆ ਤੋਂ ਵੀਡਿਓ ਹਟਾਉਣ ਲਈ ਧਮਕੀ ਦਿੱਤੀ ਸੀ ਅਤੇ ਅੱਜ ਬਾਅਦ ਦੁਪਿਹਰ ਦਰਜ਼ਨ ਭਰ ਹਥਿਆਰਬੰਦਾਂ ਨੇ ਦੁਕਾਨ 'ਤੇ ਪਹੁੰਚ ਕੇ ਉਸ 'ਤੇ ਹਮਲਾ ਕਰ ਦਿੱਤਾ। ਉਧਰ ਮੌਕਾ ਦੇਖਣ ਆਏ ਏ. ਐੱਸ. ਆਈ. ਹਰਕ੍ਰਿਸ਼ਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੀ. ਸੀ. ਟੀ.ਵੀ. ਫੁਟੇਜ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਜ਼ਖਮੀ ਹੋਏ ਅਮਨਦੀਪ ਅਨੇਜਾ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।