ਹਫਤਾ ਦੇਣ ਤੋਂ ਮਨ੍ਹਾ ਕਰਨ ’ਤੇ ਦੁਕਾਨਦਾਰ ’ਤੇ ਹਮਲਾ
Monday, Oct 22, 2018 - 07:52 AM (IST)

ਲੁਧਿਆਣਾ, (ਮਹੇਸ਼)- ਹਫਤਾ ਦੇਣ ਤੋਂ ਮਨ੍ਹਾ ਕਰਨ ’ਤੇ ਅੱਧਾ ਦਰਜਨ ਦੇ ਲਗਭਗ ਹਥਿਆਬੰਦ ਬਦਮਾਸ਼ਾਂ ਨੇ ਇਕ ਦੁਕਾਨਦਾਰ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਅਮਰੇਸ਼ ਚੌਧਰੀ (22) ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪੀਡ਼ਤਾ ਦਾ ਦੋਸ਼ ਹੈ ਕਿ ਇਸ ਦੌਰਾਨ ਬਦਮਾਸ਼ ਉਸ ਦੀ ਨਕਦੀ ਅਤੇ ਮੋਬਾਇਲ ਵੀ ਲੁੱਟ ਕੇ ਲੈ ਗਏ। ਪੁਲਸ ਨੇ ਦੀਪ ਵਿਹਾਰ ਕਾਲੋਨੀ ਦੇ ਅਮਿਤ, ਮਨੀ ਨੇਪਾਲੀ ਅਤੇ ਇਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਘਟਨਾ ਬਸਤੀ ਜੋਧੇਵਾਲ ਇਲਾਕੇ ਦੀ ਹੈ।
ਜੋਧੇਵਾਲ ਦੇ ਰਹਿਣ ਵਾਲੇ ਚੌਧਰੀ ਨੇ ਦੱਸਿਆ ਕਿ ਉਸ ਦੀ ਦੀਪ ਵਿਹਾਰ ਫਾਂਬਡ਼ਾ ਰੋਡ ’ਤੇ ਜੂਸ ਦੀ ਦੁਕਾਨ ਕਿਰਾਏ ’ਤੇ ਹੈ। ਸ਼ਨੀਵਾਰ ਸ਼ਾਮ ਲਗਭਗ 6 ਵਜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮਨੀ, ਨੇਪਾਲੀ ਅੱਧਾ ਦਰਜਨ ਤੋਂ ਜ਼ਿਆਦਾ ਸਾਥੀਆਂ ਦੇ ਨਾਲ ਉਸ ਦੀ ਦੁਕਾਨ ’ਤੇ ਆਇਆ। ਮਨੀ ਦੇ ਹੱਥ ਵਿਚ ਚਾਕੂ ਸੀ, ਜਿਨ੍ਹਾਂ ਨੇ ਦੁਕਾਨ ’ਚ ਦਾਖਲ ਹੋ ਕੇ ਉਸ ਤੋਂ 50 ਰੁਪਏ ਹਫਤਾ ਮੰਗਣਾ ਸ਼ੁਰੂ ਕਰ ਦਿੱਤਾ। ਬਦਮਾਸ਼ਾਂ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਇਥੇ ਦੁਕਾਨ ਕਰਨੀ ਹੈ ਤਾਂ ਬਾਕੀ ਦੁਕਾਨਦਾਰਾਂ ਦੀ ਤਰ੍ਹਾਂ ਉਸ ਨੂੰ ਵੀ ਹਫਤਾ ਦੇਣਾ ਪਵੇਗਾ।
ਜਦ ਉਸ ਨੇ ਵਿਰੋਧ ਕੀਤਾ ਤਾਂ ਮਨੀ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਸਾਥੀਆਂ ਨੇ ਤੋਡ਼-ਭੰਨ ਕਰਦੇ ਹੋਏ ਸਾਰਾ ਸਾਮਾਨ ਖਿਲਾਰ ਦਿੱਤਾ। ਇਸ ’ਤੇ ਉਹ ਰੌਲਾ ਪਾਉਂਦਾ ਹੋਇਆ ਯਾਦਵ ਕਲੀਨਿਕ ’ਚ ਦਾਖਲ ਹੋ ਗਿਆ ਤਾਂ ਮਨੀ ਪਿੱਛਾ ਕਰਦਾ ਹੋਇਆ ਉਥੇ ਵੀ ਆ ਗਿਆ, ਜਿਸ ਨੇ ਉਸ ਦੇ ਪੇਟ ਅਤੇ ਸਿਰ ’ਤੇ ਚਾਕੂ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ।