ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 3 ਪਿਸਟਲਾਂ ਸਮੇਤ 2 ਨੌਜਵਾਨ ਕਾਬੂ

04/10/2021 5:17:28 PM

ਦੋਰਾਹਾ (ਵਿਨਾਇਕ)-ਦੋਰਾਹਾ ਪੁਲਸ ਨੇ ਡਕੈਤੀ, ਲੁੱਟ-ਖੋਹ ਤੇ ਲੜਾਈ-ਝਗੜੇ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਭੰਡਾ ਭੰਨਦਿਆਂ ਨਾਮੀ ਬਦਮਾਸ਼ ਸਮੇਤ 2 ਨੌਜਵਾਨਾਂ ਨੂੰ ਗ਼੍ਰਿਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਕੋਲੋਂ .315 ਬੋਰ ਦੇ 3 ਪਿਸਟਲ ਅਤੇ 13 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਦੋਸ਼ੀ ਚੰਡੀਗੜ੍ਹ ਖੇਤਰ ’ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਪੰਜਾਬ ਆਏ ਸਨ। ਦੋਸ਼ੀਆਂ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਮੋਹਨਪੁਰ ਥਾਣਾ ਦਿਨੇਸ਼ਪੁਰ ਜ਼ਿਲ੍ਹਾ ਊਧਮ ਸਿੰਘ ਨਗਰ (ਉੱਤਰਾਖੰਡ) ਅਤੇ ਹਰਮਨਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸੈਦਨਗਰ ਮੁੰਡੀਆਂ ਥਾਣਾ ਮਿਲਕਖਾਨਮ ਜ਼ਿਲ੍ਹਾ ਰਾਮਪੁਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਪੁਲਸ ਜ਼ਿਲ੍ਹਾ ਦੇ ਸੀਨੀਅਰ ਪੁਲਸ ਕਪਤਾਨ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਰਾਹਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਜੇਰ ਨਿਗਰਾਨੀ ਮਨਪ੍ਰੀਤ ਸਿੰਘ ਪੀ. ਪੀ. ਐੱਸ. ਪੁਲਸ ਕਪਤਾਨ (ਆਈ) ਖੰਨਾ ਅਤੇ ਹਰਦੀਪ ਸਿੰਘ ਪੀ. ਪੀ. ਐੱਸ., ਉਪ-ਪੁਲਸ ਕਪਤਾਨ ਪਾਇਲ ਅਤੇ ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਸਮੇਤ ਪੁਲਸ ਪਾਰਟੀ ਦੀ ਸਪੈਸ਼ਲ ਨਾਕਾਬੰਦੀ ਦੌਰਾਨ ਜੀ. ਟੀ. ਰੋਡ ਦੋਰਾਹਾ ਵਿਖੇ ਮੌਜੂਦ ਸੀ। ਇਸ ਦੌਰਾਨ ਉਕਤ ਦੋਵਾਂ ਦੋਸ਼ੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਦੋਸ਼ੀ ਜੁਗਰਾਜ ਸਿੰਘ ਦੇ ਕਬਜ਼ੇ ’ਚੋਂ 2 ਦੇਸੀ ਪਿਸਟਲ .315 ਬੋਰ ਸਮੇਤ 8 ਜ਼ਿੰਦਾ ਕਾਰਤੂਸ ਅਤੇ ਦੋਸ਼ੀ ਹਰਮਨਪ੍ਰੀਤ ਸਿੰਘ ਦੇ ਕਬਜ਼ੇ ’ਚੋਂ 1 ਦੇਸੀ ਪਿਸਟਲ .315 ਬੋਰ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਦੋਰਾਹਾ ਪੁਲਸ ਨੇ ਉਕਤ ਦੋਵਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 52 ਮਿਤੀ 9 ਅਪ੍ਰੈਲ 2021 ਜੁਰਮ 25/54/59 ਅਸਲਾ ਐਕਟ ਥਾਣਾ ਦੋਰਾਹਾ ਵਿਖੇ ਦਰਜ ਰਜਿਸਟਰ ਕਰ ਕੇ ਅੱਗੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਸ਼ੀ ਜੁਗਰਾਜ ਸਿੰਘ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅਪਰਾਧੀ ਕਿਸਮ ਦਾ ਵਿਅਕਤੀ ਆਪਣੇ ਖੇਤਰ ਦਾ ਨਾਮੀ ਬਦਮਾਸ਼ ਹੈ, ਜਿਸ ’ਤੇ ਪਹਿਲਾਂ ਵੀ ਨਾਜਾਇਜ਼ ਅਸਲਾ ਰੱਖਣ, ਲੁੱਟਾਂ-ਖੋਹਾਂ, ਡਕੈਤੀਆਂ ਅਤੇ ਲੜਾਈ-ਝਗੜੇ ਦੇ ਬਾਹਰਲੀ ਸਟੇਟਾਂ ਦੇ ਵੱਖ-ਵੱਖ ਥਾਣਿਆਂ ’ਚ ਕਰੀਬ 8 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਜੁਗਰਾਜ ਸਿੰਘ ਤੋਂ ਯੂ. ਪੀ. ਪੁਲਸ ਨੇ 45 ਬੋਰ ਮੌਜ਼ਰ ਅਤੇ ਦਿੱਲੀ ਪੁਲਸ ਨੇ 4 ਪਿਸਟਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਜੁਗਰਾਜ ਸਿੰਘ ਦਿੱਲੀ ਦੀ ਤਿਹਾੜ ਜੇਲ ’ਚੋਂ ਪੈਰੋਲ ’ਤੇ ਬਾਹਰ ਆਇਆ ਸੀ ਪਰ ਉਹ ਵਾਪਸ ਜੇਲ੍ਹ ਨਹੀਂ ਗਿਆ। ਜੁਗਰਾਜ ਸਿੰਘ ਦੇ ਹਰਿਦੁਆਰ ਰਹਿਣ ਵਾਲੇ ਬਲਵਿੰਦਰ ਸਿੰਘ ਉਰਫ ਚਾਚਾ ਨਾਮੀ ਵਿਅਕਤੀ ਨਾਲ ਵੀ ਸਬੰਧ ਹਨ, ਜਿਨ੍ਹਾਂ ਇਕੱਠਿਆਂ ਮਿਲ ਕੇ ਪੈਰੋਲ ਦੌਰਾਨ ਖਾਟੀਮਾ ਰੋਡ ਪੂਰਨਪੁਰ (ਯੂ. ਪੀ.) ’ਚ 1 ਲੱਖ 40 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਸੀ। ਇਸ ਤੋਂ ਇਲਾਵਾ ਦੋਸ਼ੀ ਜੁਗਰਾਜ ਸਿੰਘ ਨੇ ਬਲਵਿੰਦਰ ਸਿੰਘ ਉਰਫ ਚਾਚਾ ਨਾਲ ਮਿਲ ਕੇ ਮਾਰਚ ਮਹੀਨੇ ’ਚ ਚੰਡੀਗੜ੍ਹ ਬੈਂਕ ਲੁੱਟਣ ਅਤੇ ਦਿੱਲੀ ’ਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕੀਤੀ ਸੀ, ਜਿਸ ਨੂੰ ਇਨ੍ਹਾਂ ਇਕੱਠਿਆਂ ਨੇ ਅੰਜਾਮ ਦੇਣਾ ਸੀ।

ਐੱਸ. ਐੱਸ. ਪੀ. ਸ਼੍ਰੀ ਗਰੇਵਾਲ ਨੇ ਅੱਗੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਚਾਚਾ ਨੇ ਹੀ ਦੋਸ਼ੀ ਜੁਗਰਾਜ ਸਿੰਘ ਅਤੇ ਉਸ ਦੇ ਸਾਥੀ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਅਸਲੇ ਸਮੇਤ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਪੰਜਾਬ ਖੇਤਰ ਦੇ ਪੁਸ਼ਤੈਨੀ ਪਿੰਡ ਅਜਨਾਲਾ (ਅੰਮ੍ਰਿਤਸਰ) ਵਿਖੇ ਪਨਾਹ ਲੈਣ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਜੁਗਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਅੱਗੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Anuradha

Content Editor

Related News