ਸਹੂਲਤਾਂ ਦੇਣ ਦੀ ਥਾਂ ਕਾਂਗਰਸ ਨੇ ਬੰਦ ਕੀਤੇ 1700 ਸੇਵਾ ਕੇਂਦਰ : ਰੱਖੜਾ

Monday, Feb 25, 2019 - 07:45 PM (IST)

ਸਹੂਲਤਾਂ ਦੇਣ ਦੀ ਥਾਂ ਕਾਂਗਰਸ ਨੇ ਬੰਦ ਕੀਤੇ 1700 ਸੇਵਾ ਕੇਂਦਰ : ਰੱਖੜਾ

ਪਟਿਆਲਾ, (ਜੋਸਨ)- ਲੋਕ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਅਕਾਲੀ ਦਲ ਐੈੱਸ. ਸੀ. ਵਿੰਗ ਵੱਲੋਂ ਪਾਰਟੀ ਦੀ ਮਜ਼ਬੂਤੀ ਸਬੰਧੀ ਜ਼ਿਲਾ ਜਨਰਲ ਸਕੱਤਰ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਹੇਠ ਸਿੱਖਾਂ ਵਾਲਾ ਮੁਹੱਲਾ ਲਾਹੌਰੀ ਗੇਟ ਵਿਖੇ ਇਕ ਭਰਵਾਂ ਇਕੱਠ ਕੀਤਾ ਗਿਆ। ਇਸ ਵਿਚ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਇੰਦਰਮੋਹਨ ਸਿੰਘ ਬਜਾਜ ਤੇ ਅਜੀਤ ਪਾਲ ਸਿੰਘ ਕੋਹਲੀ ਸਾਬਕਾ ਮੇਅਰ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ। 
ਇਸ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਤਰੀਕੇ ਰਾਹੀਂ ਸਰਕਾਰੀ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ 2000 ਤੋਂ ਵੱਧ ਸੇਵਾ ਕੇਂਦਰ ਖੋਲ੍ਹੇ ਸਨ। ਲੋਕਾਂ ਨੂੰ ਇਕੋ ਛੱਤ ਹੇਠ ਕਈ  ਸੇਵਾਵਾਂ ਦਾ ਲਾਭ ਮਿਲਦਾ ਸੀ। ਵੱਖ-ਵੱਖ ਦਫਤਰਾਂ 'ਚ ਨਹੀਂ ਸੀ ਜਾਣਾ ਪੈਂਦਾ। ਕਾਂਗਰਸ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲਗਭਗ 1700 ਤੋਂ ਵੱਧ ਸੇਵਾ ਕੇਂਦਰਾਂ ਨੂੰ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਵਾਅਦਿਆਂ ਦੀਆਂ ਝੜੀਆਂ ਤਾਂ ਲਾ ਦਿੱਤੀਆਂ ਪਰ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਸਭ ਕੁੱਝ ਭੁਲਾ  ਕੇ ਲੋਕਾਂ ਨਾਲ ਵਾਅਦਾ-ਖਿਲਾਫੀ ਕੀਤੀ। ਇਸ ਉਪਰੰਤ ਐੈੱਸ. ਸੀ. ਵਿੰਗ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਕਾਲਾ ਨੇ ਕਿਹਾ ਕਿ ਅਕਾਲੀ ਦਲ ਨੇ ਗਰੀਬਾਂ ਦੀ ਭਲਾਈ ਹਿੱਤ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ ਸਨ, ਜਿਹੜੀਆਂ ਕਿ ਹੁਣ ਲਗਭਗ ਬੰਦ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ਦਲਿਤ ਵਰਗ ਨੂੰ ਅਕਾਲੀ ਦਲ ਐੱਸ. ਸੀ. ਵਿੰਗ ਨਾਲ ਜੋੜਨ ਲਈ ਜਨ ਸੰਪਰਕ ਮੁਹਿੰਮ ਸ਼ੁਰੂ ਕਰਨਗੇ।ਇਸ ਮੌਕੇ ਗੁਰਚਰਨ ਸਿੰਘ ਖਾਲਸਾ ਜ਼ਿਲਾ ਪ੍ਰਧਾਨ, ਦੇਵ ਸਿੰਘ ਰੰਘਰੇਟਾ, ਗੁਰਪਾਲ ਸਿੰਘ ਸਿੰਧੂ, ਰਾਣੀ ਗਿੱਲ, ਸੁਨੀਲਾ ਦੇਵੀ, ਗੋਗੀ ਸੰਗਰ, ਦਸਮੇਸ਼ ਕੁਮਾਰ  ਅਤੇ ਰਣਜੀਤ ਸਿੰਘ ਕਾਕਾ ਆਦਿ ਹਾਜ਼ਰ ਸਨ।


author

KamalJeet Singh

Content Editor

Related News