ਸੂਚਨਾ ਐਕਟ ''ਚ ਹੋਇਆ ਖੁਲਾਸਾ, ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਨੂੰ ਭਜਾਉਣ ਲਈ 7 ਲੱਖ ਰੁਪਏ ਕੀਤੇ ਖਰਚ: ਬੁਜਰਕ

Thursday, Sep 24, 2020 - 02:25 PM (IST)

ਸੂਚਨਾ ਐਕਟ ''ਚ ਹੋਇਆ ਖੁਲਾਸਾ, ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਨੂੰ ਭਜਾਉਣ ਲਈ 7 ਲੱਖ ਰੁਪਏ ਕੀਤੇ ਖਰਚ: ਬੁਜਰਕ

ਦਿੜ੍ਹਬਾ ਮੰਡੀ (ਅਜੈ): ਪੰਜਾਬ 'ਚ ਫਸਲਾਂ 'ਤੇ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ 7 ਲੱਖ ਰੁਪਏ ਦੇ ਕਰੀਬ ਰਕਮ ਖਰਚ ਕੀਤੀ ਹੈ। ਪਰ ਸੂਬੇ ਅੰਦਰ ਕਿਸੇ ਵੀ ਫਸਲ 'ਤੇ ਟਿੱਡੀ ਦਲ ਦਾ ਹਮਲਾ ਨਹੀਂ ਹੋਇਆ। ਫਿਰ ਵੀ ਖੇਤੀਬਾੜੀ ਵਿਭਾਗ ਵਲੋਂ ਟਿੱਡੀ ਦਲ ਨੂੰ ਨੱਥ ਪਾਉਣ ਲਈ ਅਗੇਤੇ ਪ੍ਰਬੰਧ ਕਰਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਫ਼ਸਰਾਂ ਨੂੰ ਮਾਰਕਫੈੱਡ ਤੋਂ ਦਵਾਈ ਖਰੀਦ ਕੇ ਭੇਜੀ ਗਈ ਸੀ।ਜ਼ਿਆਦਾਤਰ ਮੁੱਖ ਦਫਤਰਾਂ ਲਈ ਸਿਰਫ 25 ਹਜ਼ਾਰ ਰੁਪਏ ਦਾ ਬਜਟ ਹੀ ਰੱਖਿਆ ਗਿਆ ਸੀ।ਪਾਕਿਸਤਾਨ ਅਤੇ ਰਾਜਸਥਾਨ ਦੀ ਹੱਦ ਨਾਲ ਲੱਗਦੇ ਜ਼ਿਆਦਾ ਖਤਰੇ ਵਾਲੇ ਤਿੰਨ ਜ਼ਿਲ੍ਹਿਆਂ ਨੂੰ 50-50 ਹਜ਼ਾਰ ਰੁਪਏ ਅਤੇ ਇਕ ਜ਼ਿਲ੍ਹੇ ਨੂੰ 1 ਲੱਖ ਰੁਪਏ ਦੀ ਦਵਾਈ ਸਪਲਾਈ ਕੀਤੀ ਗਈ ਸੀ।

ਇਹ ਵੀ ਪੜ੍ਹੋ: ਮਾਂ ਦਾ ਦੂਜਾ ਵਿਆਹ ਨਾਬਾਲਗ ਧੀ ਲਈ ਬਣਿਆ ਨਾਸੂਰ, ਮਤਰੇਏ ਪਿਓ ਦੀ ਹੈਵਾਨੀਅਤ ਨੇ ਦਾਗ਼ੀ ਕੀਤਾ ਰਿਸ਼ਤਾ

ਲੋਕ ਜਾਗ੍ਰਤੀ ਮੰਚ ਦੇ ਸੂਬਾ ਪ੍ਰਧਾਨ ਅਤੇ ਆਰ.ਟੀ.ਆਈ.ਮਾਹਰ ਬ੍ਰਿਸਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਕੋਲੋਂ ਟਿੱਡੀ ਦਲ ਦੇ ਖ਼ਤਰੇ ਨੂੰ ਵੇਖਦੇ ਹੋਏ ਖ਼ਰੀਦੀ ਗਈ ਦਵਾਈ 'ਤੇ ਕੀਤੇ ਗਏ ਖਰਚ ਸਬੰਧੀ ਸੂਚਨਾ ਦੇ ਅਧਿਕਾਰ ਐਕਟ ਤਹਿਤ ਪੁੱਛਿਆ ਗਿਆ ਸੀ। ਜਿਸ ਦੇ ਜਵਾਬ 'ਚ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਮਾਰਕਫੈੱਡ ਕੋਲੋਂ ਕਲੋਰੋਪਾਇਰੀਫਾਸ 20ਫੀਸਦੀ ਈ.ਸੀ. ਅਤੇ ਲੈਮਡਾ ਸਾਈਹੈਥਲੋਥਰਿਨ 5 ਫੀਸਦੀ ਈ.ਸੀ ਦਵਾਈ ਖਰੀਦ ਕੇ ਰਾਜ ਦੇ ਵੱਖ-ਵੱਖ ਖੇਤੀਬਾੜੀ ਅਫਸਰਾਂ ਨੂੰ ਦਿੱਤੀ ਗਈ ਹੈ। ਜਿਨ੍ਹਾਂ 'ਚੋਂ 18 ਜ਼ਿਲ੍ਹਿਆਂ ਅੰਮ੍ਰਿਤਸਰ, ਬਰਨਾਲਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੂਪਨਗਰ, ਪਠਾਨਕੋਟ, ਐੱਸ.ਏ.ਐੱਸ. ਨਗਰ,ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜਿਲ੍ਹੇ ਦੇ ਖੇਤੀਬਾੜੀ ਅਫਸਰ ਨੂੰ 25-25 ਹਜ਼ਾਰ ਰੁਪਏ ਦੀ ਦਵਾਈ ਟਿੱਡੀ ਦਲ ਨੂੰ ਭਜਾਉਣ ਲਈ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਖੇਤੀਬਾੜੀ ਬਿੱਲ: ਕਿਸਾਨੀ ਵੋਟ ਬੈਂਕ ਲਈ ਵੱਖਰੇ-ਵੱਖਰੇ ਰਾਗ ਅਲਾਪ ਰਹੀਆਂ ਸਿਆਸੀ ਪਾਰਟੀਆਂ

ਪਾਕਿਸਤਾਨ ਅਤੇ ਰਾਜਸਥਾਨ ਦੀ ਹੱਦ ਨਾਲ ਲਗਦੇ ਤਿੰਨ ਜ਼ਿਲ੍ਹਿਆਂ ਮਾਨਸਾ,ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ 50-50 ਹਜ਼ਾਰ ਰੁਪਏ ਅਤੇ ਫਾਜ਼ਿਲਕਾ ਜ਼ਿਲ੍ਹੇ ਨੂੰ ਇਕ ਲੱਖ ਰੁਪਏ ਮੁੱਲ ਦੀ ਦਵਾਈ ਦਿੱਤੀ ਗਈ ਹੈ। ਬ੍ਰਿਸਭਾਨ ਬੁਜਰਕ ਨੇ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਨਾਵਾਂ ਨਾਲ ਸਬੰਧਤ ਛੇ ਦੇ ਕਰੀਬ ਕੰਪਨੀਆਂ ਵਲੋਂ ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹੇ 'ਚ ਟਿੱਡੀ ਦਲ ਨੂੰ ਭਜਾਉਣ ਵਾਲੀ ਦਵਾਈ ਸਪਲਾਈ ਕੀਤੇ ਜਾਣ ਤੋਂ ਇਲਾਵਾ ਜਲਾਲਾਬਾਦ ਖੇਤਰ ਲਈ 360 ਲੀਟਰ, ਅਬੋਹਰ ਲਈ 370 ਲੀਟਰ, ਫਾਜ਼ਿਲਕਾ ਲਈ 370 ਲੀਟਰ, ਖੂਈਆਂ ਸਰਵਰ ਲਈ 500 ਲੀਟਰ ਦਵਾਈ ਕਈ ਕੀੜੇਮਾਰ ਦਵਾਈ ਕੰਪਨੀਆਂ ਅਤੇ ਮਾਰਕਫੈੱਡ ਵਲੋਂ ਦਿੱਤੀ ਗਈ ਹੈ ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਇਸ ਦਵਾਈ ਦੀ ਕੀਮਤ ਨਹੀਂ ਦੱਸੀ ਗਈ। ਜਿਹੜੀ ਫਸਲਾਂ 'ਤੇ ਅਚਾਨਕ ਹਮਲਾ ਕਰਨ ਵਾਲੇ ਟਿੱਡੀ ਦਲ ਨੂੰ ਭਜਾਉਣ ਲਈ ਦਿੱਤੀ ਗਈ ਸੀ।


author

Shyna

Content Editor

Related News