ਕਿਸਾਨਾਂ ਵੱਲੋਂ 20 ਜੂਨ ਤੋਂ ਝੋਨਾ ਲਾਉਣ ਦੇ ਆਰਡੀਨੈਂਸ ਦਾ ਵਿਰੋਧ

04/26/2018 12:26:55 PM

ਸੁਨਾਮ, ਊਧਮ ਸਿੰਘ ਵਾਲਾ (ਮੰਗਲਾ)—ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਗੁਰਦੁਆਰਾ ਸੱਚਖੰਡ ਸੁਨਾਮ ਵਿਖੇ ਹੋਈ। ਇਸ ਮੀਟਿੰਗ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।  ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਦੇ ਉਸ ਤੁਗਲਕੀ ਫਰਮਾਨ ਦੀ ਸਖਤ ਨਿਖੇਧੀ ਕੀਤੀ ਕਿ ਸੂਬਾ ਸਰਕਾਰ ਨੇ ਆਰਡੀਨੈਂਸ ਜਾਰੀ ਕਰ ਕੇ ਸੂਬੇ ਦੇ ਕਿਸਾਨਾਂ ਨੂੰ ਝੋਨਾ 20 ਜੂਨ ਨੂੰ ਲਾਉਣ ਲਈ ਕਿਹਾ ਹੈ। 20 ਜੂਨ ਨੂੰ ਲਾਈ ਜੀਰੀ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਇਕੋ ਸਮੇਂ ਲੋਡ ਨਾਲ ਵੱਡੇ ਪੱਧਰ 'ਤੇ ਕਿਸਾਨਾਂ ਦੀਆਂ ਮੋਟਰਾਂ ਸੜਨਗੀਆਂ।  ਇਕ ਸਾਰ ਝੋਨਾ ਲਾਉਣ ਕਰਕੇ ਪਾਣੀ ਦਾ ਨੁਕਸਾਨ ਅਤੇ ਮਜ਼ਦੂਰਾਂ ਨੂੰ ਸਮੱਸਿਆ ਪੇਸ਼ ਆਵੇਗੀ। ਮੰਡੀਆਂ ਵਿਚ ਖੱਜਲ-ਖੁਆਰੀ ਵਧੇਗੀ । ਇਸ ਮੌਕੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਰਜ਼ੇ ਦੇ ਮਸਲੇ ਨੂੰ ਲੈ ਕੇ ਆਰ-ਪਾਰ ਦੀ ਲੜਾਈ ਲੜੀ ਜਾਵੇਗੀ, ਜਿਸ ਦੀ ਤਿਆਰੀ ਵਜੋਂ ਵੱਡੇ ਪੱਧਰ 'ਤੇ ਫੰਡ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੰਡੀਆਂ ਵਿਚ ਹੋਰ ਤੋਲ ਵਿਚ ਗੜਬੜੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ 28 ਅਪ੍ਰੈਲ ਨੂੰ ਬਠਿੰਡਾ ਵਿਚ 25 ਮੈਂਬਰੀ ਕਮੇਟੀ ਦੀ ਹੋ ਰਹੀ ਰੈਲੀ ਵਿਚ ਸੁਨਾਮ ਬਲਾਕ ਵਿਚੋਂ ਹਜ਼ਾਰਾਂ ਮਰਦ ਔਰਤਾਂ ਸ਼ਾਮਲ ਹੋਣਗੀਆਂ । 
ਆਗੂਆਂ ਨੇ ਕਿਹਾ ਕਿ 20 ਜੂਨ ਨੂੰ ਝੋਨਾ ਲਾਉਣ ਦੀ ਪੰਜਾਬ ਸਰਕਾਰ ਦੀ ਸਕੀਮ ਦਾ ਪਿੰਡਾਂ ਵਿਚ ਸਖਤ ਵਿਰੋਧ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ 'ਚ ਉਨ੍ਹਾਂ ਬੈਂਕਾਂ ਅੱਗੇ ਧਰਨੇ ਵੀ ਦਿੱਤੇ ਜਾਣਗੇ, ਜੋ ਬੈਂਕਾਂ ਖਾਲੀ ਚੈੱਕ 'ਤੇ ਕਿਸਾਨ ਨੂੰ ਨੋਟਿਸ ਭੇਜ ਰਹੀਆਂ ਹਨ। 
ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਦਰਬਾਰਾ ਸਿੰਘ ਛਾਜਲਾ, ਸੁਖਪਾਲ ਮਾਣਕ ਕਣਕਵਾਲ, ਗੁਰਭਗਤ ਸ਼ਾਹਪੁਰ, ਪਾਲ ਦੋਲੇਵਾਲਾ, ਰਾਮ ਪਾਲ ਸੁਨਾਮ, ਰਾਮ ਸ਼ਰਨ ਸਿੰਘ ਉਗਰਾਹਾ ਆਦਿ ਹਾਜ਼ਰ ਸਨ।


Related News