ਨਵਾਂਸ਼ਹਿਰ ਜ਼ਿਲ੍ਹੇ ’ਚ ਝੋਨਾ ਲਾਉਣ ਦਾ ਕੰਮ ਤੇਜ਼ੀ ਨਾਲ ਜਾਰੀ, 4 ਹਜ਼ਾਰ ਏਕੜ ਤੋਂ ਵੱਧ ਰਕਬੇ ''ਚ ਹੋ ਚੁੱਕੀ ਬਿਜਾਈ

06/19/2024 6:32:00 PM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ 5 ਵਿਚੋਂ 3 ਬਲਾਕ ਨਵਾਂਸ਼ਹਿਰ, ਔੜ ਅਤੇ ਬੰਗਾ ਬਲਾਕ ਪਿਛਲੇ ਕਈ ਸਾਲਾਂ ਤੋਂ ਡਾਰਕ ਜ਼ੋਨ ’ਚ ਆ ਗਏ ਹਨ। ਇਨ੍ਹਾਂ ਬਲਾਕਾਂ ਵਿਚ ਪਾਣੀ ਦੀ ਵੱਡੀ ਪੱਧਰ ’ਤੇ ਦੁਰਵਰਤੋਂ ਹੋ ਰਹੀ ਹੈ। ਜ਼ਿਲ੍ਹੇ ਦੇ ਬਲਾਕਾਂ ਦੇ ਡਾਰਕ ਜ਼ੋਨ ਵਿਚ ਜਾਣ ਦਾ ਕਾਰਨ ਹਰ ਸਾਲ ਝੋਨੇ ਹੇਠ ਆਉਣ ਵਾਲਾ ਰਕਬਾ ਮੰਨਿਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀ ਹੀ ਨਹੀਂ, ਸਗੋਂ ਮਾਹਿਰਾਂ ਦੇ ਨਾਲ-ਨਾਲ ਜਾਣਕਾਰ ਕਿਸਾਨਾਂ ਨੇ ਭਵਿੱਖ ਵਿਚ ਪਾਣੀ ਦੀ ਸਮੱਸਿਆ ਬਾਰੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਮਾਹਿਰਾਂ ਨੇ ਜਿਥੇ ਸਰਕਾਰ ਤੋਂ ਝੋਨੇ ਦੇ ਬਦਲਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਕਿਸਾਨਾਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਦਰਪੇਸ਼ ਸਮੱਸਿਆਵਾਂ ਸਬੰਧੀ ਲੋੜੀਂਦੇ ਕਦਮ ਚੁੱਕਣ ਲਈ ਕੁਝ ਠੋਸ ਫ਼ੈਸਲੇ ਲੈਣ ਦੀ ਵੀ ਉਮੀਦ ਜਤਾਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ

ਸਾਲ 2020-21 ਦੇ ਮੁਕਾਬਲੇ ਝੋਨੇ ਹੇਠ ਰਕਬੇ ਵਿਚ 2 ਹਜ਼ਾਰ ਹੈਕਟੇਅਰ ਦੀ ਘਾਟ
ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਵੱਖ-ਵੱਖ ਖੇਤਰਾਂ ਵਿਚ ਬੂਟੇ ਲਾਉਣ ਦੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਸਨ। ਜਿਸ ਤਹਿਤ ਨਵਾਂਸ਼ਹਿਰ ਜ਼ਿਲੇ ਵਿਚ 15 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ ਅਤੇ ਝੋਨੇ ਦੀ ਲੁਆਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਕਰੀਬ 4 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਲੁਆਈ ਹੋ ਚੁੱਕੀ ਹੈ। ਪਿਛਲੇ ਸਾਲ ਵੀ ਜ਼ਿਲ੍ਹੇ ਵਿਚ 60 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਸੀ। ਹਾਲਾ ਕਿ ਸਾਲ 2020-21 ਦੇ ਮੁਕਾਬਲੇ ਅਗਲੇ ਸਾਲਾਂ (2021-22 ਤੋਂ 24-25) ਵਿਚ ਝੋਨੇ ਹੇਠ ਰਕਬਾ 2 ਹਜ਼ਾਰ ਹੈਕਟੇਅਰ ਘੱਟ ਗਿਆ ਹੈ। ਸਾਲ 2019-20 ਵਿਚ ਜ਼ਿਲ੍ਹੇ ਵਿਚ 3,79 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ। ਇਸੇ ਤਰ੍ਹਾਂ 2020-21 ਵਿਚ 4.12 ਲੱਖ ਮੀਟ੍ਰਿਕ ਟਨ, 2021-22 ਵਿਚ 3.81 ਲੱਖ ਮੀਟ੍ਰਿਕ ਟਨ, 22-23 ਵਿਚ 3.37 ਲੱਖ ਮੀਟ੍ਰਿਕ ਟਨ ਅਤੇ 23-24 ਵਿਚ 3.85 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ।

PunjabKesari

ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਦੀ ਸਰਕਾਰ ਦੀ ਮੁਹਿੰਮ ਨੂੰ ਨਹੀਂ ਮਿਲ ਰਿਹਾ ਪੂਰਾ ਸਮਰਥਨ
ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕਡ਼ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਬਾਵਜੂਦ ਜ਼ਿਲੇ ਵਿਚ ਸਿੱਧੀ ਬਿਜਾਈ ਦਾ ਟੀਚਾ ਹਾਸਲ ਨਹੀਂ ਹੋ ਰਿਹਾ। ਜ਼ਿਲੇ ਵਿਚ 60 ਹਜ਼ਾਰ ਹੈਕਟੇਅਰ ਰਕਬਾ ਝੋਨੇ ਦੀ ਬਿਜਾਈ ਲਈ ਰੱਖਿਆ ਗਿਆ ਹੈ, ਜਿਸ ਵਿਚੋਂ 2 ਹਜ਼ਾਰ ਹੈਕਟੇਅਰ ਸਿੱਧੀ ਬਿਜਾਈ ਲਈ ਰੱਖਿਆ ਗਿਆ ਹੈ ਅਤੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾ ਰਹੀ ਹੈ, ਇਸ ਨਾਲ ਸਰਕਾਰ ਮਿੱਥੇ ਟੀਚੇ ਨੂੰ ਹਾਸਲ ਕਰਨ ਵਿਚ ਨਾਕਾਮ ਰਹੀ ਹੈ। ਪਿਛਲੇ ਸਾਲ ਵੱਖ-ਵੱਖ ਬਲਾਕਾਂ ਦੇ ਲਗਭਗ 113 ਕਿਸਾਨ ਹੀ ਇਸ ਸਕੀਮ ਦਾ ਲਾਭ ਲੈ ਸਕੇ ਸਨ।

ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਅੱਜ ਕਰ ਸਕਦੀ ਹੈ ਉਮੀਦਵਾਰ ਦਾ ਐਲਾਨ

ਕਿਸਾਨ ਜ਼ਿਲ੍ਹੇ ਵਿਚ ਝੋਨੇ ਦੀ ਅਗੇਤੀ ਕਿਸਮ ਦੀ ਬਿਜਾਈ ਨਾ ਕਰਨ: ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੁਪਿੰਦਰ ਸਿੰਘ ਨੇ ਜੀਜੇ ਦੇ ਕਿਸਾਨਾਂ ਨੂੰ ਝੋਨੇ ਦੀ ਅਗੇਤੀ ਕਿਸਮ ਦੀ ਬਿਜਾਈ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅਗੇਤੀ ਕਿਸਮ ਦਾ ਝੋਨਾ ਜੁਲਾਈ ਮਹੀਨੇ ਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੁਖਵਿੰਦਰਪਾਲ ਸਿੰਘ ਗਰਚਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News