ਸਡ਼ਕ ਹਾਦਸਿਆਂ ’ਚ ਲੇਡੀ ਡਾਕਟਰ ਸਣੇ 2 ਦੀ ਮੌਤ, 2 ਗੰਭੀਰ

07/19/2019 5:24:32 AM

ਫ਼ਰੀਦਕੋਟ, (ਰਾਜਨ)- ਅੱਜ ਸਥਾਨਕ ਫ਼ਿਰੋਜ਼ਪੁਰ ਸਡ਼ਕ ’ਤੇ ਹੋਏ ਹਾਦਸਿਆਂ ਵਿਚ ਇਕ ਲੇਡੀ ਡਾਕਟਰ ਸਮੇਤ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਪ੍ਰਾਈਵੇਟ ਬੱਸ ਦਾ ਡਰਾਈਵਰ ਜਿਸ ਨੂੰ ਪਰਿਵਾਰਕ ਮੈਂਬਰਾਂ ਅਨੁਸਾਰ ਕਿਸੇ ਨੇ ਧੱਕਾ ਦੇ ਦਿੱਤਾ, ਸਮੇਤ ਦੋ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਡਾਕਟਰ ਚੇਸ਼ਟਾ ਐੱਮ. ਬੀ. ਬੀ. ਐੱਸ. ਪੁੱਤਰੀ ਨਰੇਸ਼ ਕੁਮਾਰ ਵਾਸੀ ਫ਼ਿਰੋਜ਼ਪੁਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਨੌਕਰੀ ਕਰਦੀ ਸੀ। ਜਦੋਂ ਉਹ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ ਵੱਲ ਆਪਣੀ ਕਾਰ ’ਤੇ ਸਵਾਰ ਹੋ ਕੇ ਆ ਰਹੀ ਸੀ ਤਾਂ ਰਾਹ ਵਿਚ ਪੈਂਦੇ ਪਿੰਡ ਰੁਕਣਾ ਬੇਗੂ ਕੋਲ ਕਾਰ ਇਕ ਕੈਂਟਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਤੇ ਲੇਡੀ ਡਾਕਟਰ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਣ ਮੌਕੇ ’ਤੇ ਹੀ ਮੌਤ ਹੋ ਗਈ। ਦੂਸਰਾ ਹਾਦਸਾ ਫ਼ਿਰੋਜ਼ਪੁਰ ਸਡ਼ਕ ’ਤੇ ਹੀ ਬਲਦੇਵ ਸਿੰਘ (55) ਅਤੇ ਉਸਦੇ ਲਡ਼ਕੇ ਲਵਪ੍ਰੀਤ ਸਿੰਘ ਨਾਲ ਉਸ ਵੇਲੇ ਵਾਪਰਿਆ ਜਦੋਂ ਇਹ ਦੋਵੇਂ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ੈਕਟਰੀ ਵੱਲ ਜਾ ਰਹੇ ਸਨ। ਇਨ੍ਹਾਂ ਦਾ ਮੋਟਰਸਾਈਕਲ ਸਕਾਰਪੀਓ ਗੱਡੀ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ’ਤੇ ਬਲਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸਦੇ 24 ਸਾਲਾ ਲਡ਼ਕੇ ਲਵਪ੍ਰੀਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਤੀਸਰਾ ਹਾਦਸਾ ਇਕ ਪ੍ਰਾਈਵੇਟ ਬੱਸ ਦੇ ਕੰਡਕਟਰ ਗੁਰਸੇਵਕ ਸਿੰਘ ਵਾਸੀ ਪਿੰਡ ਸਾਧਾਂਵਾਲਾ ਨਾਲ ਉਸ ਵੇਲੇ ਵਾਪਰਿਆ ਜਦੋਂ ਉਹ ਚੱਲਦੀ ਬੱਸ ਦੇ ਦਰਵਾਜ਼ੇ ’ਚੋਂ ਅਚਾਨਕ ਹੇਠਾਂ ਡਿੱਗ ਪਿਆ। ਕੰਡਕਟਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਸੇਵਕ ਸਿੰਘ ਨੂੰ ਕਿਸੇ ਨੇ ਬੱਸ ’ਚੋਂ ਰੰਜਿਸ਼ ਕੱਢਣ ਲਈ ਧੱਕਾ ਦਿੱਤਾ ਹੈ ਅਤੇ ਉਹ ਇਸ ਸਬੰਧੀ ਪੂਰੀ ਤਹਿ ਤੱਕ ਜਾਣਗੇ। ਦੱਸਣਯੋਗ ਹੈ ਕਿ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਜੋ ਫ਼ਰੀਦਕੋਟ ਤੋਂ ਚੱਲ ਕੇ ਪਿਪਲੀ, ਰਾਜੋਵਾਲਾ, ਗੋਲੇਵਾਲਾ ਤੋਂ ਸਾਧਾਂਵਾਲਾ ਵੱਲ ਜਾਂਦੀ ਹੈ, ਵਿਚੋਂ ਸਾਧਾਂਵਾਲਾ ਦੇ ਨਜ਼ਦੀਕ ਕੰਡਕਟਰ ਨੂੰ ਕਿਸੇ ਨੇ ਧੱਕਾ ਦੇ ਦਿੱਤਾ, ਜਿਸ ਕਾਰਣ ਸਿਰ ਵਿਚ ਲੱਗੀ ਗੰਭੀਰ ਸੱਟ ਕਾਰਣ ਇਸ ਦੀ ਹਾਲਤ ਗੰਭੀਰ ਬਣੀ ਹੋਈ ਹੈ।


Bharat Thapa

Content Editor

Related News