ਬਿਜਲੀ ਚੋਰੀ ਚੈਕਿੰਗ ਨੂੰ ਲੈ ਕੇ ਬਿਜਲੀ ਅਧਿਕਾਰੀ ਤੇ ਕਿਸਾਨ ਹੋਏ ਆਹਮੋ ਸਾਹਮਣੇ, ਜੇ.ਈ. ਜ਼ਖਮੀ

05/19/2022 3:02:57 PM

ਸ਼ਹਿਣਾ (ਧਰਮਿੰਦਰ ਸਿੰਘ) : ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਹੁਕਮਾਂ ਤਹਿਤ ਬਿਜਲੀ ਵਿਭਾਗ ਨੂੰ ਕੁੰਡੀ ਫੜਨਾ ਮਹਿੰਗਾ ਦਿਖਾਈ ਦੇ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਬਿਜਲੀ ਬੋਰਡ ਸ਼ਹਿਣਾ ਦੇ ਮੁਲਾਜ਼ਮਾਂ ਵੱਲੋਂ ਪੰਚਾਂ ਦੇ ਕੋਠੇ ਵਿਖੇ ਬਿਜਲੀ ਚੋਰੀ ਚੈਕਿੰਗ ਕਰਨ ਗਈ ਟੀਮ ਦਾ ਵਿਰੋਧ ਹੋ ਗਿਆ। ਮਾਹੌਲ ਉਸ ਸਮੇਂ ਤਣਾਅਪੂਰਵਕ ਹੋ ਗਿਆ ਜਦ ਜੇ.ਈ ਵੱਲੋਂ ਵੀਡੀਓਗ੍ਰਾਫੀ ਕਰਨ ਲੱਗੇ ਤਾਂ ਹੱਥੋਪਾਈ ਤੱਕ ਦੀ ਨੌਬਤ ਆ ਗਈ। ਇਸ ਨੂੰ ਲੈ ਕੇ ਇਕ ਜੇ.ਈ ਵਿਕਰਾਂਤ ਸ਼ਾਹ ਦੇ ਸੱਟਾਂ ਲੱਗਣ ਕਾਰਨ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਇਸ ਮੌਕੇ ਜ਼ਖ਼ਮੀ ਜੇ.ਈ ਵਿਕਰਾਂਤ ਸ਼ਾਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਬਿਜਲੀ ਚੋਰੀ ਨੂੰ ਲੈ ਕੇ ਐੱਸ.ਡੀ.ਓ ਸੁਖਪਾਲ ਸਿੰਘ ਦੀ ਅਗਵਾਈ ਹੇਠ  ਜੇ.ਈ ਵਿਕਰਾਂਤ ਸ਼ਾਹ, ਜੇ.ਈ ਅਨੰਤਪਾਲ ਸਿੰਘ, ਜੇ.ਈ ਅਮਨਦੀਪ ਸਿੰਘ  2 ਸਹਾਇਕ ਲਾਈਨਮੈਨ ਰਣਜੀਤ ਸਿੰਘ ਅਤੇ ਜਸਬੀਰ ਸਿੰਘ ਅਤੇ ਇਕ ਕੰਪਲੇਟ ਹੋਲਡਰ ਸੁਖਦੇਵ ਸਿੰਘ ਸਮੇਤ ਕੁੱਲ 9 ਬਿਜਲੀ ਮੁਲਾਜ਼ਮ ਚੈਕਿੰਗ ਕਰਨ ਲਈ ਜਦ ਪੰਚਾਂ ਦੇ ਕੋਠੇ ਗਏ ਤਾਂ ਕੁਝ ਵਿਅਕਤੀਆਂ ਵੱਲੋਂ ਉੁਨ੍ਹਾਂ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੌਲਾ ਪਾ ਕੇ ਘਰਾਂ ਨੂੰ ਇਕੱਠਾ ਕਰ ਲਿਆ, ਜਿਨ੍ਹਾਂ ਨੇ ਬਿਜਲੀ ਬੋਰਡ ਦੀ ਗੱਡੀ ਦੀ ਹਵਾ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਮੁਲਾਜ਼ਮ ਦੀ ਪੱਗ ਵੀ ਲਾਹ ਦਿੱਤੀ ਅਤੇ ਧੱਕੇ ਮੁੱਕੀ ’ਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਜੇ .ਈ ਵਿਕਰਾਂਤ ਸ਼ਾਹ ਨੇ ਦੋਸ਼ ਲਾਉਂਦੇ ਕਿਹਾ ਕਿ ਕੁਝ ਵਿਅਕਤੀਆਂ ਨੇ ਉਸ ਦੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਮੋਬਾਇਲ ਵੀ ਖੋਹ ਲਿਆ ਸੀ।

ਇਹ ਵੀ ਪੜ੍ਹੋ : ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ

ਇਸ ਮੌਕੇ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਤਹਿਤ ਉਹ ਅੱਜ ਆਪਣੀ ਡਿਊਟੀ ਲਈ ਬਿਜਲੀ ਚੋਰੀ ਚੈਕਿੰਗ ਕਰਨ ਗਏ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਅੱਗੇ ਤੋਂ ਉਨ੍ਹਾਂ ਨਾਲ ਪੁਲਸ ਸੁਰੱਖਿਆ ਕਰਮੀ ਪੱਕੇ ਤੌਰ ’ਤੇ ਲਾਏ ਜਾਣ ਤਾਂ ਜੋ ਆਪਣੀ ਡਿਊਟੀ ਕਰ ਸਕਣ। ਬਿਜਲੀ ਕਰਮੀਆਂ ਨੇ ਇਕੱਠੇ ਹੋ ਕੇ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਜੇ ਅੱਜ ਸ਼ਾਮ ਪੰਜ ਵਜੇ ਤੱਕ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਦੂਜੇ ਪਾਸੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੂਜੀ ਧਿਰ ਨੇ ਦੱਸਿਆ ਕਿ ਬੇ ਵਜ੍ਹਾ ਬਿਜਲੀ ਮੁਲਾਜ਼ਮਾਂ ਵੱਲੋਂ ਘਰਾਂ ਵਿੱਚ ਆ ਕੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ। ਅੱਜ ਸਵੇਰੇ ਬਿਜਲੀ ਕਰਮੀਆਂ ਨੇ ਔਰਤਾਂ ਨਾਲ ਬਦਸਲੂਕੀ ਕੀਤੀ ਉਥੇ ਘਰਾਂ ਵਿਚ ਸ਼ਾਂਤਮਈ ਤਰੀਕੇ ਨਾਲ ਬੈਠੇ ਲੋਕਾਂ ਨਾਲ ਵੀ ਬਦਸਲੂਕੀ ਕੀਤੀ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਬਿਜਲੀ ਕਰਮੀਆਂ ਦਾ ਵਿਰੋਧ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਬਿਜਲੀ ਕਰਮੀ ਦੇ ਸੱਟ ਨਹੀਂ ਮਾਰੀ ਗਈ ਅਤੇ ਨਾ ਹੀ ਕਿਸੇ ਦੀ ਪੱਗ ਉਤਾਰੀ ਗਈ ਹੈ। ਬਿਜਲੀ ਕਰਮੀ ਜਾਣਬੁੱਝ ਕੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕਰਮੀਆਂ ਨੇ ਵੀ ਉਨ੍ਹਾਂ ਦੇ ਕੁਝ ਵਿਅਕਤੀਆਂ ਨਾਲ ਕੁੱਟਮਾਰ ਕੀਤੀ ਹੈ। ਉਹ ਪਿੰਡ ਵਾਸੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਗਏ ਬਿਜਲੀ ਬੋਰਡ ਖ਼ਿਲਾਫ਼ ਮੋਰਚਾ ਖੋਲ੍ਹਣਗੇ ਅਤੇ ਰੋਸ ਵਜੋਂ ਧਰਨਾ ਲਾ ਕੇ ਇਨਸਾਫ ਦੀ ਮੰਗ ਕਰਨਗੇ ਜੇਕਰ ਬਿਜਲੀ ਕਰਮੀਆਂ ਨੇ ਮੁਆਫੀ ਨਾ ਮੰਗੀ ਤਾਂ ਸੰਘਰਸ਼ ਉਲੀਕਿਆ ਜਾਵੇਗਾ। ਇਸ ਮਾਮਲੇ ਸੰਬੰਧੀ  ਥਾਣਾ ਸ਼ਹਿਣਾ ਦੇ ਐੱਸਐੱਚਓ ਬਲਦੇਵ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੁੱਜੀ ਪੁਲਸ ਟੀਮ ਨੇ ਤਣਾਅਪੂਰਵਕ ਮਾਹੌਲ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।  ਲਗਾਤਾਰ ਬਿਜਲੀ ਬੋਰਡ ਵੱਲੋਂ ਚੈਕਿੰਗ ਅਧੀਨ ਹੋ ਰਹੀ ਲੜਾਈ ਝਗੜੇ ਨੂੰ ਲੈ ਕੇ ਸਰਕਾਰ ਅਤੇ ਬਿਜਲੀ  ਵਿਭਾਗ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦਾ ਕੋਈ ਢੁੱਕਵਾਂ ਹੱਲ ਕੀਤਾ ਜਾਵੇ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ.

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ 


Meenakshi

News Editor

Related News