16 ਪੇਟੀਆਂ ਨਾਜਾਇਜ਼ ਸ਼ਰਾਬ ਤੇ ਇਕ ਦੇਸੀ ਕੱਟੇ ਸਣੇ 5 ਕਾਬੂ
Tuesday, Mar 29, 2022 - 09:17 PM (IST)

ਜ਼ੀਰਕਪੁਰ (ਮੇਸ਼ੀ) : ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਜ਼ੀਰਕਪੁਰ ਦੇ ਥਾਣੇਦਾਰ ਕਮਲ ਤਨੇਜਾ ਦੀ ਪੁਲਸ ਟੀਮ ਨੇ 16 ਪੇਟੀਆਂ ਨਾਜਾਇਜ਼ ਸ਼ਰਾਬ ਤੇ ਇਕ ਦੇਸੀ ਕੱਟੇ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। 26 ਮਾਰਚ ਨੂੰ ਮੁਖ਼ਬਰ ਖਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਮਨਜੀਤ ਸਿੰਘ ਉਰਫ ਬੁੱਲੜ ਅਤੇ ਮਨਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਛੱਤ ਚੰਡੀਗੜ੍ਹ ਤੋਂ ਸਸਤੇ ਭਾਅ 'ਤੇ ਨਾਜਾਇਜ਼ ਸ਼ਰਾਬ ਲਿਆ ਕੇ ਜ਼ੀਰਕਪੁਰ ਦੇ ਇਲਾਕੇ 'ਚ ਮਹਿੰਗੇ ਭਾਅ ਵੇਚਦੇ ਹਨ।
ਇਹ ਵੀ ਪੜ੍ਹੋ : ਗੁਲਾਬੀ ਸੁੰਡੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ ਲੰਬੀ 'ਚ ਕਿਸਾਨਾਂ ਵੱਲੋਂ ਹਾਈਵੇ ਜਾਮ (ਵੀਡੀਓ)
ਬੁੱਲੜ ਜੋ ਆਦਤਨ ਮੁਜਰਮ ਹੈ ਤੇ ਜਿਸ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਆਪਣੇ-ਆਪ ਨੂੰ ਭੂਪੀ ਰਾਣਾ ਗੈਂਗ ਦਾ ਮੈਂਬਰ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦਾ-ਧਮਕਾਉਂਦਾ ਹੈ, ਜਿਸ ਕੋਲ ਨਾਜਾਇਜ਼ ਅਸਲਾ ਵੀ ਹੈ, ਜਿਸ 'ਤੇ ਦੋਸ਼ੀਆਂ ਖ਼ਿਲਾਫ਼ ਜ਼ਾਬਤੇ ਅਨੁਸਾਰ ਐਕਸਾਈਜ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਤਫਤੀਸ਼ ਦੌਰਾਨ ਦੋਸ਼ੀਆਂ ਬੁੱਲੜ ਤੇ ਦੀਪਾ ਦੇ ਟਿਕਾਣਿਆਂ 'ਤੇ ਰੇਡ ਕਰਕੇ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੇ ਕਬਜ਼ੇ 'ਚੋਂ 16 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ।
ਇਹ ਵੀ ਪੜ੍ਹੋ : ਜਾਇਦਾਦ ਲਈ ਬਜ਼ੁਰਗ ਮਾਪਿਆਂ ਦੀ ਕੀਤੀ ਕੁੱਟਮਾਰ, ਪੀੜਤਾਂ ਨੇ CM ਤੇ ਪੁਲਸ ਤੋਂ ਮੰਗਿਆ ਇਨਸਾਫ਼
ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿਛ ਉਪਰੰਤ ਇਸ ਗੋਰਖਧੰਦੇ ਵਿਚ ਸ਼ਾਮਲ ਸਾਥੀਆਂ ਹਰੀਸ਼ ਖਾਨ ਪੁੱਤਰ ਰਸੀਦ ਖਾਨ, ਅਨਿਲ ਗੜ੍ਹੀਵਾਲ ਪੁੱਤਰ ਰਣਵੀਰ ਸਿੰਘ, ਜਗੀਰ ਸਿੰਘ ਪੁੱਤਰ ਅਰਸ਼ਦ ਸਿੰਘ, ਅਮਰੀਕ ਸਿੰਘ ਪੁੱਤਰ ਜਗੀਰ ਸਿੰਘ ਤੇ ਕਾਲਾ ਟੈਂਪੂ ਵਾਲਾ ਵਾਸੀ ਪਿੰਡ ਛੱਤ ਨੂੰ ਦਰਜ ਮੁਕੱਦਮੇ 'ਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ। ਦੋਸ਼ੀਆਂ ਬੁੱਲੜ ਤੇ ਦੀਪਾ ਨੂੰ 27 ਮਾਰਚ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਰਿਮਾਂਡ ਦੌਰਾਨ ਮਨਜੀਤ ਸਿੰਘ ਉਰਫ ਬੁੱਲੜ ਕੋਲੋਂ ਲੋਕ ਨੂੰ ਡਰਾਉਣ-ਧਮਕਾਉਣ ਲਈ ਵਰਤਿਆ ਜਾਂਦਾ ਇਕ ਦੇਸੀ ਕੱਟਾ ਅਤੇ 12 ਬੋਰ ਦੀ ਬੰਦੂਕ ਸਮੇਤ ਅਮਰੀਕ ਸਿੰਘ ਨੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਵਰਨਾ ਕਾਰ ਨੰਬਰ CH01AK5180 ਸਮੇਤ ਇਕ ਪੇਟੀ ਸ਼ਰਾਬ ਬਰਾਮਦ ਕੀਤੀ ਗਈ।