ਨਾਜਾਇਜ਼ ਸ਼ਰਾਬ ਸਮੇਤ 6 ਕਾਬੂ, 1 ਫਰਾਰ
Saturday, Jan 19, 2019 - 01:31 AM (IST)
ਜਲਾਲਾਬਾਦ,(ਬੰਟੀ, ਦੀਪਕ, ਬਜਾਜ, ਟੀਨੂ, ਦੀਪਕ)- ਥਾਣਾ ਵੈਰੋਕਾ ਪੁਲਸ ਨੇ 150 ਲਿਟਰ ਲਾਹਣ ਅਤੇ 90 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦੋਂਕਿ ਦੂਜਾ ਵਿਅਕਤੀ ਫਰਾਰ ਹੋ ਗਿਆ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਐੱਚ. ਸੀ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰਦੇ ਹੋਏ ਮਹਾਲਮ ਪਹੁੰਚੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਬਲਵੰਤ ਸਿੰਘ ਵਾਸੀ ਮਹਾਲਮ ਲਾਹਣ ਕੱਢ ਕੇ ਵੇਚਦਾ ਹੈ, ਜਿਸ ਦੇ ਘਰ ’ਤੇ ਰੇਡ ਕਰ ਕੇ 150 ਲਿਟਰ ਲਾਹਣ ਬਰਾਮਦ ਕੀਤੀ ਗਈ ਪਰ ਦੋਸ਼ੀ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਦੂਜੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੂੰ ਪਿੰਡ ਮਹਾਲਮ ਵਿਚ ਗਸ਼ਤ ਦੌਰਾਨ ਮੁਖਬਰੀ ਮਿਲਣ ’ਤੇ ਜੀਤ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਮਹਾਲਮ ਦੇ ਘਰ ਰੇਡ ਕਰ ਕੇ ਉਸ ਨੂੰ 90 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆ। ਫਡ਼ੇ ਗਏ ਦੋਵਾਂ ਵਿਅਕਤੀਆਂ ’ਤੇ ਆਬਕਾਰੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਫਾਜ਼ਿਲਕਾ, (ਨਾਗਪਾਲ)- ਥਾਣਾ ਸਿਟੀ ਪੁਲਸ ਨੇ ਇਕ ਅੌਰਤ ਸਮੇਤ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਆਈ. ਪਰਵਿੰਦਰ ਕੌਰ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਫਾਜ਼ਿਲਕਾ ਵਾਸੀ ਸੀਮਾ ਰਾਣੀ ਨਾਜਾਇਜ਼ ਸ਼ਰਾਬ ਵੇਚਦੀ ਹੈ। ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਬੀਤੀ ਸ਼ਾਮ ਉਸ ਨੂੰ 12 ਬੋਤਲਾਂ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਰਾਜ ਕੁਮਾਰ ਵਾਸੀ ਫਾਜ਼ਿਲਕਾ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਸ ਤੋਂ 24 ਬੋਤਲਾਂ ਠੇਕਾ ਦੇਸੀ ਖਾਸਾ ਸੰਤਰਾ ਹਰਿਆਣਾ, 36 ਬੋਤਲਾਂ ਫਸਟ ਚੁਆਇਸ ਮਾਰਕਾ ਹਰਿਆਣਾ ਕੁੱਲ 60 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਅਬੋਹਰ,(ਜ.ਬ,ਰਹੇਜਾ)- ਥਾਣਾ ਖੂਈਆਂ ਸਰਵਰ ਪੁਲਸ ਨੇ ਬੀਤੀ ਸ਼ਾਮ ਦੋ ਵੱਖ-ਵੱਖ ਸਥਾਨਾਂ ’ਤੇ ਗਸ਼ਤ ਦੌਰਾਨ 3 ਲੋਕਾਂ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਖੂਈਆਂ ਸਰਵਰ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਬਲਵੀਰ ਸਿੰਘ ਪੁਲਸ ਪਾਰਟੀ ਸਣੇ ਬੀਤੀ ਸ਼ਾਮ ਉਸਮਾਨਖੇਡ਼ਾ ਦੇ ਨੇਡ਼ੇ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਸਾਹਮਣੇ ਤੋਂ ਬਾਈਕ ’ਤੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਸਵਾ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਫਡ਼ੇ ਗਏ ਲੋਕਾਂ ਦੀ ਪਛਾਣ ਸੁਖਦੇਵ ਸਿੰਘ ਤੇ ਸੁਰੇਂਦਰ ਸਿੰਘ ਵਾਸੀ ਪੱਕਾ ਸੀਡ ਫਾਰਮ ਦੇ ਰੂਪ ਵਿਚ ਹੋਈ। ਇਸੇ ਤਰ੍ਹਾਂ ਹੌਲਦਾਰ ਪ੍ਰਤਾਪ ਸਿੰਘ ਪੁਲਸ ਪਾਰਟੀ ਸਮੇਤ ਗੁੰਮਜਾਲ ਦੇ ਨੇਡ਼ੇ ਬਾਈਕ ’ਤੇ ਆ ਰਹੇ ਸੀ, ਨੇ ਪੱਕਾ ਸੀਡ ਫਾਰਮ ਵਾਸੀ ਗੁਰਦੇਵ ਸਿੰਘ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਸਵਾ 40 ਬੋਤਲਾਂ ਸ਼ਰਾਬ ਬਰਾਮਦ ਹੋਈਆਂ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
