ਮੇਰਾ ਚੋਣ ਲੜਨ ਦਾ ਮਨ ਨਹੀਂ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ : ਪ੍ਰਕਾਸ਼ ਸਿੰਘ ਬਾਦਲ
Friday, Feb 11, 2022 - 12:15 PM (IST)
ਮਲੋਟ (ਗੋਇਲ,ਸ਼ਾਂਤ,ਜੁਨੇਜਾ) : ਪਿਛਲੇ ਦਿਨੀਂ ਆਪਣੀ ਸਿਹਤ ਸਬੰਧੀ ਜਾਂਚ ਮਗਰੋਂ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਵਿਧਾਨ ਸਭਾ ਖੇਤਰ ਲੰਬੀ ਵਿਖੇ ਪੁੱਜੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਸੰਬੋਧਨ ਕੀਤਾ। ਆਪਣੇ ਲੰਬੀ ਖੇਤਰ ਦੇ ਪਿੰਡ ਭੀਟੀਵਾਲਾ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਆਪਣੇ ਵਿਧਾਨ ਸਭਾ ਖੇਤਰ ਦੇ ਸਾਰੇ ਪਿੰਡਾਂ ਦਾ ਦੌਰਾ ਕਰਨਗੇ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਖਰ ਕੇਂਦਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦਾਅਵੇ ਕਿ ਚੋਣਾਂ ਵਾਲੇ ਪੰਜੇ ਸੂਬਿਆਂ ’ਚ ਭਾਜਪਾ ਦੀ ਸਰਕਾਰ ਬਣ ਰਹੀ ਹੈ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਹਰ ਕੋਈ ਇਸ ਪ੍ਰਕਾਰ ਦੇ ਦਾਅਵੇ ਕਰਦਾ ਹੈ ਕਿਉਂਕਿ ਚੋਣ ਲੜਨ ਵਾਲੀ ਕੋਈ ਪਾਰਟੀ ਇੰਝ ਨਹੀਂ ਕਹਿ ਸਕਦੀ ਕਿ ਉਸਦੀ ਸਰਕਾਰ ਨਹੀਂ ਬਣ ਰਹੀ ਪਰ ਇਹ ਲੋਕਾਂ ਦੇ ਹੱਥ ’ਚ ਹੈ ਕਿ ਉਹ ਕਿਸ ਪਾਰਟੀ ਦੀ ਸਰਕਾਰ ਬਣਾਉਣਗੇ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਕਿ ਸ.ਬਾਦਲ ਦੀ ਉਮਰ ਹੁਣ ਆਰਾਮ ਕਰਨ ਦੀ ਹੈ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਵਾਰ ਮੇਰਾ ਮਨ ਚੋਣ ਲੜਨ ਦਾ ਨਹੀਂ ਸੀ ਪਰ ਪਾਰਟੀ ਦੇ ਹੁਕਮ ਨੂੰ ਮੈਂ ਮੋੜ ਨਹੀਂ ਸਕਦਾ। ਮੈ ਹਮੇਸ਼ਾ ਹੀ ਪਾਰਟੀ ਵੱਲੋਂ ਉਲੀਕੇ ਗਏ ਹਰ ਕੰਮ ਨੂੰ ਅੱਗੇ ਹੋ ਕੇ ਪੂਰਾ ਕੀਤਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?