ਨਕਲੀ ਜੱਜ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਪਤੀ-ਪਤਨੀ ਗ੍ਰਿਫਤਾਰ

Monday, Oct 25, 2021 - 08:15 PM (IST)

ਨਕਲੀ ਜੱਜ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਪਤੀ-ਪਤਨੀ ਗ੍ਰਿਫਤਾਰ

ਬਠਿੰਡਾ/ਨਥਾਣਾ(ਵਰਮਾ,ਬੱਜੋਆਣੀਆਂ)- ਮੈਜਿਸਟ੍ਰੇਟ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਪਤੀ-ਪਤਨੀ ਨੂੰ ਬਠਿੰਡਾ ਪੁਲਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਆਪਣੀ ਪਛਾਣ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਇਕ ਫਰਜ਼ੀ ਆਈ. ਡੀ. ਕਾਰਡ ਵੀ ਬਣਾਇਆ ਸੀ, ਜਦੋਂ ਕਿ ਕਾਰ ’ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਨੇਮ ਪਲੇਟ ਲਾਈ ਹੋਈ ਸੀ। ਫਿਲਮੀ ਸਟਾਇਲ ’ਚ ਉਹ ਲੋਕਾਂ ਨੂੰ ਲੁੱਟਦਾ ਤੇ ਠੱਗਦਾ ਸੀ। ਪੁਲਸ ਨੇ ਮੁਲਜ਼ਮ ਔਰਤ ਜਸਵੀਰ ਕੌਰ, ਉਸ ਦੇ ਪਤੀ ਕੁਲਬੀਰ ਸਿੰਘ ਵਾਸੀ ਕਲਿਆਣ ਸੁੱਖਾ, ਡਰਾਈਵਰ ਪ੍ਰਗਟ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਪਤੀ-ਪਤਨੀ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਲੁੱਟਿਆ ਹੈ। ਥਾਣਾ ਇੰਚਾਰਜ ਜਸਵੀਰ ਸਿੰਘ ਅਨੁਸਾਰ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਉਸ ਨੇ ਦੱਸਿਆ ਕਿ ਜਸਵੀਰ ਕੌਰ ਨੇ ਆਪਣੇ ਪਤੀ ਨਾਲ ਮਿਲ ਕੇ ਇਕ ਗੈਂਗ ਬਣਾਇਆ, ਜਿਸ ਨੇ ਉਸ ਦੇ ਪਤੀ ਦੀ ਕਾਰ ’ਤੇ ਸੈਸ਼ਨ ਜੱਜ ਦੀ ਨੇਮ ਪਲੇਟ ਲਾਈ ਸੀ। ਇੰਨਾ ਹੀ ਨਹੀਂ ਉਸ ਨੇ ਆਪਣੇ ਡਰਾਈਵਰ ਅਤੇ ਗੰਨਮੈਨ ਨੂੰ ਵਰਦੀ ’ਚ ਵੀ ਰੱਖਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਉਸ ਨੇ ਆਪਣੀ ਬਰੀਜ਼ਾ ਕਾਰ (ਪੀਬੀ 03 ਏਕੇ 0063) ’ਤੇ ਸੈਸ਼ਨ ਕੋਰਟ ਦੇ ਨਾਲ ਲਾਲ ਰੰਗ ਦੀ ਨੰਬਰ ਪਲੇਟ ਲਾਈ ਸੀ। ਮੁਲਜ਼ਮ ਔਰਤ ਨੇ ਅਦਾਲਤ ਦਾ ਜਾਅਲੀ ਪਛਾਣ ਪੱਤਰ ਵੀ ਬਣਾਇਆ ਸੀ ਤਾਂ ਜੋ ਲੋੜ ਪੈਣ ’ਤੇ ਉਹ ਇਸ ਨੂੰ ਅਜ਼ਮਾ ਸਕੇ। ਉਹ ਭੋਲੇ-ਭਾਲੇ ਲੋਕਾਂ ਨੂੰ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗਦੇ ਸਨ। ਪੁਲਸ ਅਨੁਸਾਰ ਹੁਣ ਤੱਕ ਉਹ ਨੌਕਰੀਆਂ ਦੇ ਨਾਂ ’ਤੇ 1 ਦਰਜਨ ਤੋਂ ਵੱਧ ਲੋਕਾਂ ਨੂੰ ਲੱਖਾਂ ਰੁਪਏ ਠੱਗ ਚੁੱਕੇ ਹਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ।


author

Bharat Thapa

Content Editor

Related News