ਸੈਂਕਡ਼ੇ ਅਧਿਆਪਕਾਂ ਤੇ ਬੱਚਿਆਂ ਨੇ ਕਾਲੇ ਝੰਡੇ ਲੈ ਕੇ ਕੀਤਾ ਲਾਲ ਸਿੰਘ ਦੀ ਕੋਠੀ ਤੱਕ ਰੋਸ ਮਾਰਚ

Monday, Nov 19, 2018 - 04:59 AM (IST)

ਸੈਂਕਡ਼ੇ ਅਧਿਆਪਕਾਂ ਤੇ ਬੱਚਿਆਂ ਨੇ ਕਾਲੇ ਝੰਡੇ ਲੈ ਕੇ ਕੀਤਾ ਲਾਲ ਸਿੰਘ ਦੀ ਕੋਠੀ ਤੱਕ ਰੋਸ ਮਾਰਚ

 ਪਟਿਆਲਾ, (ਜੋਸਨ, ਬਲਜਿੰਦਰ)- ਤਾਨਾਸ਼ਾਹ ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਫੈਸਲਿਆਂ ਦੇ ਵਿਰੋਧ ’ਚ ਖੜ੍ਹੀ ਹੋਈ ਪੰਜਾਬ ਦੀ ਅਧਿਆਪਕ ਲਹਿਰ ਦਾ ਸੇਕ ਅੱਜ ਛੁੱਟੀ ਵਾਲੇ ਐਤਵਾਰ ਨੂੰ ਵੀ ਪੰਜਾਬ ਸਰਕਾਰ ਤੱਕ ਪੁੱਜਾ। ਅਧਿਆਪਕਾਂ ਤੇ ਉਨ੍ਹਾਂ ਦੇ ਬੱਚਿਆਂ ਨੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਕੋਠੀ ਤੱਕ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ। ਸ਼ਹਿਰ ਦੇ ਮੇਨ ਚੌਕ ਵਿਚ ਪੰਜਾਬ ਸਰਕਾਰ ਦੀ ਅਰਥੀ ਸਾਡ਼ੀ। ਅੰਮ੍ਰਿਤਸਰ ਵਿਖੇ ਅਧਿਆਪਕਾਂ ’ਤੇ ਹੋਏ ਠਾਲੀਚਾਰਜ ਦੀ ਨਿਖੇਧੀ ਕੀਤੀ। ਅਧਿਆਪਕਾਂ ਦਾ ਸੰਘਰਸ਼ 43ਵੇਂ ਦਿਨ ਵੀ ਮਘਦਾ ਰਿਹਾ। 
ਇਸ ਮੌਕੇ ਅਧਿਆਪਕ ਨੇਤਾਵਾਂ ਨੇ ਕਿਹਾ ਕਿ ਜਿੱਥੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਦੁਆਰਾ 94 ਫੀਸਦੀ ਸਹਿਮਤੀ ਵਾਲੇ ਝੂਠੇ ਅੰਕਡ਼ੇ ਨਾਲ ਪੰਜਾਬ ਦੀ ਕੈਬਨਿਟ ਅਤੇ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਵੀ ਲਗਤਾਰ ਚੁੱਪ ਰਹਿ ਕੇ ਇਨ੍ਹਾਂ ਦੇ ਝੂਠ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ।
 ਸਾਂਝੇ ਅਧਿਆਪਕ ਮੋਰਚੇ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਫੈੱਡਰੇਸ਼ਨਾਂ ਦੇ ਸਹਿਯੋਗ ਨਾਲ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਇਲਾਕਿਆਂ ’ਚ ਦੋ ਵਿਸ਼ਾਲ ਲੋਕ-ਰੈਲੀਆਂ ਕੀਤੀਆਂ ਗਈਆਂ ਹਨ। ਅੱਜ ਪਟਿਆਲਾ ਸ਼ਹਿਰ ਵਿਚ ਵੀ ਅਧਿਆਪਕ ਪੂਰੀ ਗਰਮੀ ਨਾਲ ਗਰਜਦੇ ਰਹੇ। ਪਟਿਆਲਾ ਜ਼ਿਲੇ ਦੇ ਅਧਿਆਪਕਾਂ ਨੇ ਪੱਕੇ ਮੋਰਚੇ ਵਿਚ ਭਰਵੀਂ ਸ਼ਮੂਲੀਅਤ ਕਰਦੇ ਹੋਏ ਕੂੰਜਾਂ ਵਾਂਗ ਆਪਣੇ ਅੰਮ੍ਰਿਤਸਰ ਅਤੇ ਬਠਿੰਡਾ ਦੇ ਸਾਥੀਆਂ ਨੂੰ ਪਿੱਛੋਂ ਸੰਘਰਸ਼ ਦੀ ਸਪੋਰਟ ਵਾਲੀ ਨਿੱਘ ਬਰਕਰਾਰ ਰੱਖੀ। ਅੰਮ੍ਰਿਤਸਰ ਵਿਖੇ ਪੰਜਾਬ ਦੀ ਤਾਨਾਸ਼ਾਹ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਹੱਕ ਮੰਗਦੇ ਅਧਿਆਪਕਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਕਿਸਾਨਾਂ ’ਤੇ ਭਾਰੀ ਲਾਠੀਚਾਰਜ ਕੀਤਾ ਗਿਆ। ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। 
ਇਕੱਤਰ ਅਧਿਆਪਕਾਂ ਨੂੰ ਭਰਤ ਕੁਮਾਰ, ਹਰਵਿੰਦਰ ਰੱਖਡ਼ਾ, ਸੱਤਪਾਲ ਬੰਗਾ, ਵਿਕਰਮ ਰਾਜਪੁਰਾ, ਜੀਵਨਜੋਤ ਸਿੰਘ, ਸੁਰਿੰਦਰ ਫਾਜ਼ਿਲਕਾ, ਅਮਨ ਵਸ਼ਿਸ਼ਟ, ਗਗਨ ਵਸ਼ਿਸ਼ਟ, ਸੱਤਪਾਲ ਸਮਾਣਵੀ, ਜਗਪਾਲ ਚਹਿਲ, ਕੁਲਦੀਪ ਪਟਿਆਲਵੀ, ਗੁਰਜੀਤ ਘੱਗਾ ਤੇ ਮੈਡਮ ਅਮਨਪ੍ਰੀਤ ਨੇ ਵੀ ਸੰਬੋਧਨ ਕੀਤਾ।


Related News