ਸੈਂਕਡ਼ੇ ਬਸਪਾ ਵਰਕਰਾਂ ਨੇ ਮੈਂਬਰ ਪਾਰਲੀਮੈਂਟ ਚੌਧਰੀ ਦੀ ਕੋਠੀ ਦਾ ਕੀਤਾ ਘਿਰਾਓ
Tuesday, Oct 02, 2018 - 07:29 AM (IST)

ਫਿਲੌਰ/ਅੱਪਰਾ, (ਭÎਾਖਡ਼ੀ/ਦੀਪਾ)- ਬਸਪਾ ਵਰਕਰ ਨੂੰ ਸ਼ਰੇ ਬਾਜ਼ਾਰ ਮੌਤ ਦੇ ਘਾਟ ਉਤਾਰਨ ਵਾਲੇ ਗੈਂਗਸਟਰ ਬਡ਼ੌਂਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਬਸਪਾ ਪਾਰਟੀ ਵਲੋਂ ਲਗਾਤਾਰ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਅੱਜ ਛੇਵੇਂ ਦਿਨ ਵੀ ਜਾਰੀ ਰਹੇ।
ਅੱਜ ਬਸਪਾ ਪਾਰਟੀ ਦੇ ਸੈਂਕਡ਼ੇ ਵਰਕਰਾਂ ਨੇ ਪਹਿਲਾਂ ਸ਼ਹਿਰ ਵਿਚ ਰੋਸ ਮਾਰਚ ਕੱਢਿਆ। ਦੁਪਹਿਰ ਨੂੰ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। Îਇਥੇ ਭਾਰੀ ਪੁਲਸ-ਫੋਰਸ ਤਾਇਨਾਤ ਕਰ ਦਿੱਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਅਮ੍ਰਿਤ ਭੌਂਸਲੇ ਅਤੇ ਰਾਮ ਸਰੂਪ ਸਰੋਏ ਨੇ ਕਿਹਾ ਕਿ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਵਿਚ ਦਲਿਤਾਂ ’ਤੇ ਜ਼ੁਲਮ ਵਧ ਗਏ ਹਨ। ਇਹੀ ਕਾਰਨ ਹੈ ਕਿ ਪਿਛਲੇ 6 ਦਿਨਾਂ ਤੋਂ ਮ੍ਰਿਤਕ ਨੂੰ ਨਿਆਂ ਦੁਆਉਣ ਲਈ ਪਾਰਟੀ ਵਰਕਰਾਂ ਨੂੰ ਲਗਾਤਾਰ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਚੌਧਰੀ ਦੀ ਗੈਂਗਸਟਰ ਦੇ ਨਾਲ ਗੰਢਤੁੱਪ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਡ਼ੌਂਗਾ ਨੇ ਰਾਮ ਸਰੂਪ ਦਾ ਕਤਲ ਕਰਨ ਤੋਂ ਬਾਅਦ ਜੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਬਦਲਾ ਲੈਣ ਦੀਆਂ ਪਾਈਆਂ, ਉਸ ਵਿਚ ਗੈਂਗਸਟਰ ਅਤੇ ਉਸ ਦੇ ਸਾਥੀਆਂ ਨੇ ਆਪਣੇ ਗਲੇ ਵਿਚ ਕਾਂਗਰਸ ਪਾਰਟੀ ਦੇ ਬੈਨਰ ਪਾਏ ਹੋਏ ਹਨ।
ਦੂਜਾ ਚੌਧਰੀ ਸੰਤੋਖ ਸਿੰਘ ਦਾ ਫਿਲੌਰ ਸ਼ੁਰੂ ਤੋਂ ਹਲਕਾ ਰਿਹਾ ਹੈ। ਇਥੇ ਉਨ੍ਹਾਂ ਦੀ ਰਿਹਾਇਸ਼ ਵੀ ਹੈ। ਉਹ ਇਕ ਵਾਰ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਕੋਲ ਨਾ ਤਾਂ ਹਮਦਰਦੀ ਪ੍ਰਗਟ ਕਰਨ ਪੁੱਜੇ ਅਤੇ ਨਾ ਹੀ ਉਨ੍ਹਾਂ ਨੇ ਬਡ਼ੌਂਗਾ ਨੂੰ ਗ੍ਰਿਫਤਾਰ ਕਰਨ ਦਾ ਬਿਆਨ ਜਾਰੀ ਕੀਤਾ, ਜਿਸ ਕਾਰਨ ਬਸਪਾ ਪਾਰਟੀ ਨੇ ਅੱਜ ਚੌਧਰੀ ਸੰਤੋਖ ਸਿੰਘ ਦੀ ਰਿਹਾਇਸ਼ ਦੇ ਬਾਹਰ ਬੈਠ ਕੇ ਧਰਨਾ ਦੇਣ ਦਾ ਫੈਸਲਾ ਕੀਤਾ। ਚੌਧਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਦੀ ਸੂਚਨਾ ਮਿਲਦੇ ਹੀ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉੱਥੇ ਭਾਰੀ ਪੁਲਸ-ਫੋਰਸ ਤਾਇਨਾਤ ਕਰ ਦਿੱਤੀ। ਤਿੰਨ ਘੰਟੇ ਤੱਕ ਚੱਲੇ ਧਰਨੇ ਤੋਂ ਬਾਅਦ ਬਸਪਾ ਵਰਕਰਾਂ ਨੇ ਐੱਸ. ਡੀ. ਐੱਮ. ਫਿਲੌਰ ਵਰਿੰਦਰ ਬਾਜਵਾ ਨੂੰ ਮੰਗ-ਪੱਤਰ ਸੌਂਪਦੇ ਹੋਏ ਮੰਗ ਕੀਤੀ ਕਿ ਮ੍ਰਿਤਕ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ 25 ਲੱਖ ਰੁਪਏ ਦੀ ਸਰਕਾਰੀ ਮਦਦ ਦਿੱਤੀ ਜਾਵੇ। ਇਸ ਤੋਂ ਇਲਾਵਾ ਜਦੋਂ ਤੱਕ ਪੁਲਸ ਬਡ਼ੌਂਗਾਂ ਨੂੰ ਨਹੀਂ ਫਡ਼ਦੀ, ਉਦੋਂ ਤੱਕ ਉਹ ਆਪਣੇ ਮ੍ਰਿਤਕ ਸਾਥੀ ਦਾ ਸਸਕਾਰ ਨਹੀਂ ਕਰਨਗੇ।
ਉਨ੍ਹਾਂ ਪ੍ਰਸ਼ਾਸਨ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਗੈਂਗਸਟਰ ਨੂੰ ਜਲਦ ਗ੍ਰਿਫਤਾਰ, ਨਾ ਕੀਤਾ ਤਾਂ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਪੂਰੇ ਪੰਜਾਬ ਵਿਚ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਲਾਲ ਚੰਦ ਅੌਜਲਾ, ਤੀਰਥ ਰਾਜਪੁਰਾ, ਸਤਪਾਲ ਵਿਰਕ, ਸੁਖਵਿੰਦਰ ਬਿੱਟੂ, ਖੁਸ਼ੀ ਰਾਮ, ਲਖਬੀਰ, ਅਮਰਦੀਪ, ਲਾਡੀ ਗਡ਼੍ਹਾ, ਹਰਨੇਕ ਗਡ਼੍ਹੀ, ਸੁਮਿਤ ਨਗਰ ਵੀ ਮੌਜੂਦ ਸਨ।