ਪਰਚਾ ਜਾਂ ਦਬਕਾ ਕਲਚਰ ਹੁਣ ਤੱਕ ਕਿਸੇ ਪਾਰਟੀ ਨੂੰ ਨਾ ਆਇਆ ਰਾਸ, ਕਿਵੇਂ ਮਜ਼ਬੂਤ ਹੋਵੇਗੀ ਭਾਜਪਾ ?

07/25/2022 11:26:32 AM

ਧਰਮਕੋਟ(ਅਕਾਲੀਆਂਵਾਲਾ) : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਨੂੰ ਬੇਸ਼ਕ 4 ਮਹੀਨੇ ਦਾ ਸਮਾਂ ਹੋ ਚੱਲਿਆ ਹੈ ਪਰ ਜਿਹੜੀਆਂ ਸਿਆਸੀ ਤਬਦੀਲੀਆਂ ਦੀਆਂ ਚਰਚਾਵਾਂ ਸਰਕਾਰ ਦੇ ਮੁੱਢਲੇ ਕਾਰਜਕਾਲ ਦੌਰਾਨ ਹੋਰਾਂ ਪਾਰਟੀਆਂ ’ਚ ਚੱਲ ਰਹੀਆਂ ਹਨ, ਉਹ ਪਹਿਲਾਂ ਕਦੇ ਵੀ ਨਹੀਂ ਹੋਈਆਂ, ਜੋ ਹੁਣ ਇਕ ਇਤਿਹਾਸ ਬਣ ਰਹੀਆਂ ਹਨ । ਸੱਤਾ ਪ੍ਰਾਪਤੀ ਦੇ ਕੁਝ ਵਕਫ਼ੇ ਬਾਅਦ ਸੰਗਰੂਰ ਲੋਕ ਸਭਾ ਸੀਟ ਨੂੰ ਹਾਰ ਜਾਣਾ ਆਮ ਆਦਮੀ ਪਾਰਟੀ ਦੇ ਲਈ ਜਿਥੇ ਵੱਡੀ ਨਮੋਸ਼ੀ ਸੀ ਉਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਕਿ ਦੋ ਦਹਾਕਿਆਂ ਤੋਂ ਹਾਰ ਦਾ ਮੂੰਹ ਦੇਖ ਰਿਹਾ ਸੀ ਉਸ ਨੂੰ ਜਿੱਤ ਮਿਲਣਾ ਵੀ ਪੰਜਾਬੀਆਂ ਵਿਚ ਇਕ ਵੱਡੀ ਖੁਸ਼ੀ ਨੂੰ ਜਨਮ ਦੇ ਗਿਆ ਹੈ। ਚਿਰਾਂ ਤੋਂ ਇਸ ਖੁਸ਼ੀ ਵੱਲ ਤੱਕ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਵੀ ਹੁਣ ਉਤਸ਼ਾਹ ਦੀ ਪੁਲਾਂਘ ਪੁੱਟੀ ਹੈ।

ਸਰਕਾਰ ‘ਆਪ’ ਦੀ, ਸ਼ਾਮਲ ਭਾਜਪਾ ’ਚ ਹੁੰਦੇ ਆਗੂਆਂ ਨੇ ਲੋਕਾਂ ’ਚ ਛੇੜੀ ਚਰਚਾ

ਉਂਝ ਦੇਖਣ ’ਚ ਆਉਂਦਾ ਹੈ ਕਿ ਜਿਹੜੀ ਪਾਰਟੀ ਸੂਬੇ ਦੀ ਸੱਤਾ ’ਤੇ ਬਿਰਾਜਮਾਨ ਹੁੰਦੀ ਹੈ ਉਸ ਪਾਰਟੀ ’ਚ ਵਿਰੋਧੀ ਧਿਰਾਂ ਦੇ ਆਗੂ ਸ਼ਮੂਲੀਅਤ ਕਰਦੇ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੇ ਮੁੱਢਲੇ ਦਿਨਾਂ ਵਿਚ ਹੀ ਵੱਡੇ ਪੱਧਰ ’ਤੇ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕੀਤੀ ਹੈ । ਕੇਂਦਰੀ ਸੱਤਾ ’ਤੇ ਭਾਜਪਾ ਦੀ ਹਕੂਮਤ ਹੈ। ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਕਈ ਵੱਡੇ ਚਿਹਰਿਆਂ ਦੀ ਇਸ ਪਾਰਟੀ ’ਚ ਸ਼ਮੂਲੀਅਤ ਇਸ ਗੱਲ ਦਾ ਅਹਿਸਾਸ ਕਰਵਾਉਂਦੀ ਹੈ ਕਿ ਭਾਜਪਾ ਆਪਣੀਆਂ ਪੰਜਾਬ ਵਚ ਜੜ੍ਹਾਂ ਮਜ਼ਬੂਤ ਕਰਨ ਦੇ ਵੱਲ ਵਧ ਰਹੀ ਹੈ।

ਪਿੰਡਾਂ ’ਚ ਹੁੰਦੇ ਸਮਾਜਕ ਸਮਾਗਮਾਂ ’ਤੇ ਇਹ ਗੱਲ ‘ਆਪ’ ਮੁਹਾਰੇ ਉੱਠਣ ਲੱਗੀ ਹੈ ਕਿ ਪੰਜਾਬ ’ਚ ਹੁਣ ਭਾਜਪਾ ਸੱਤਾ ਪ੍ਰਾਪਤੀ ਵੱਲ ਵਧੇਗੀ। ਜੇਕਰ ਸਿਆਸੀ ਤੋਰ ’ਤੇ ਚੇਤੰਨ ਸਮਾਜ ਸੇਵਕਾਂ ਜਾਂ ਅਖਬਾਰੀ ਦੁਨੀਆ ਨਾਲ ਜੁੜੇ ਕਲਮਕਾਰਾਂ ਦੇ ਮੂੰਹ ਤੋਂ ਗੱਲ ਸੁਣੀ ਜਾਵੇ ਤਾਂ ਉਹ ਇਸ ਵਕਤ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਭਾਜਪਾ ਨੂੰ ਸਮਾਨ ਵਿਚਾਰਧਾਰਾ ਰੱਖਦੀ ਕਿਸੇ ਸਿਆਸੀ ਪਾਰਟੀ ਨਾਲ ਗੱਠਜੋੜ ਕਰਨਾ ਪੈ ਸਕਦਾ ਹੈ। ਉਂਝ ਵੀ ਪੇਂਡੂ ਖੇਤਰ ’ਚ ਭਾਰਤੀਆ ਜਨਤਾ ਪਾਰਟੀ ਦਾ ਵੋਟ ਬੈਂਕ ਮਜ਼ਬੂਤ ਕਰਨ ਲਈ ਪਾਰਟੀ ਨੂੰ ਕਰੜੀ ਮਿਹਨਤ ਦੀ ਲੋੜ ਹੈ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਏ ਸਨ ਈ.ਡੀ. ਦੇ ਚਰਚੇ

ਪੰਜਾਬ ’ਚ ਜਦੋਂ ਕਾਂਗਰਸ ਹਕੂਮਤ ਆਪਣੇ ਰਾਜਭਾਗ ਦੀ ਸਮਾਪਤੀ ’ਤੇ ਪੁੱਜ ਚੁੱਕੀ ਸੀ ਉਦੋਂ ਤੋਂ ਪੰਜਾਬ ਦੇ ਅੱਜ ਕੱਦ ਵਾਲੇ ਸਿਆਸਤਦਾਨਾਂ ਦੇ ਘਰ ਈ.ਡੀ. ਦੀ ਰੇਡ ਦੇ ਚਰਚੇ ਸ਼ੁਰੂ ਹੋਏ। ਬੇਸ਼ੱਕ ਪੰਜਾਬ ਦੇ ਬਹੁਤਾਤ ਲੋਕਾਂ ਨੂੰ ਈ.ਡੀ. ਦੇ ਸ਼ਬਦਾਂ ਦੇ ਅਰਥ ਵੀ ਨਹੀਂ ਪਤਾ ਪਰ ਇਹ ਸ਼ਬਦ ਲੋਕ ਚਰਚਾ ਦਾ ਵਿਸ਼ਾ ਬਣ ਗਿਆ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਉਹ ਚੋਣ ਜਿੱਤ ਗਏ ਸਨ ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ ਤਾਂ ਉਸ ਵਕਤ ਵੀ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਭਾਜਪਾ ਦਬਾਅ ਦੇ ਹੇਠ ਉੱਚੇ ਕੱਦ ਵਾਲੇ ਆਗੂਆਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਨਾ ਚਾਹੁੰਦੀ ਹੈ। ਇਸਦੇ ਬਾਵਜੂਦ ਵੀ ਸੁਖਪਾਲ ਸਿੰਘ ਖਹਿਰਾ ਵਿਧਾਇਕ ਬਣਨ ’ਚ ਸਫ਼ਲ ਹੋ ਗਏ ਸਨ। ‘ਆਪ’ ਦੀ ਸਰਕਾਰ ਆਉਣ ਉਪਰੰਤ ਪੰਜਾਬ ਵਿਚ ਈ.ਡੀ. ਦੀਆਂ ਰੇਡਾਂ ਦੀ ਚਰਚਾ ਆਮ ਹੀ ਸ਼ੁਰੂ ਹੋ ਚੁੱਕੀ ਹੈ।

ਭਾਜਪਾ ’ਚ ਸ਼ਾਮਲ ਹੋਣ ਵਾਲੇ ਹਰ ਵੱਡੇ ਚਿਹਰਿਆਂ ਨੂੰ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਤੱਕਦੇ ਨੇ

ਜੇਕਰ ਕੋਈ ਵੀ ਹੁਣ ਉੱਚ ਕੱਦ ਵਾਲਾ ਸਿਆਸਤਦਾਨ ਭਾਜਪਾ ’ਚ ਸ਼ਾਮਲ ਹੁੰਦਾ ਹੈ ਤਾਂ ਲੋਕ ਉਸ ਨੂੰ ਪਾਰਟੀ ਦੀ ਮਜ਼ਬੂਤੀ ਦਾ ਆਧਾਰ ਨਹੀਂ ਮੰਨਦੇ ਸਗੋਂ ਉਸ ਦੇ ਡਰਾਵੇ ਦੀ ਮਿਸਾਲ ਦਿੰਦੇ ਹਨ ਕਿ ਇਹ ਆਗੂ ਪਾਰਟੀ ’ਚ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਸ਼ਾਮਲ ਹੋਇਆ ਹੈ। ਭਾਵੇਂ ਕਿ ਉਹ ਵੱਡੇ ਅਸਰ ਰਸੂਖ ਅਤੇ ਸਾਫ਼-ਸੁਥਰੀ ਅਕਸ ਵਾਲਾ ਆਗੂ ਹੀ ਕਿਉਂ ਨਾ ਹੋਵੇ, ਇੱਥੋਂ ਤੱਕ ਕਿ ਉਹ ਭਾਜਪਾ ਦੀਆਂ ਨੀਤੀਆਂ ਦੇ ਨਾਲ ਸਹਿਮਤ ਵੀ ਹੋਵੇ ਉਸ ਉੱਪਰ ਇਹ ਉਂਗਲ ਚੁੱਕੀ ਜਾਂਦੀ ਹੈ ਕਿ ਇਸ ਆਗੂ ਨੇ ਈ.ਡੀ. ਦੇ ਡਰੋਂ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ। ਜਿਸ ਕਰ ਕੇ ਭਾਜਪਾ ਨੂੰ ਲੋਕ ਇਸ ਨਜ਼ਰ ਨਾਲ ਵੀ ਤੱਕ ਰਹੇ ਹਨ।

ਦੋ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਧੱਕੇਸ਼ਾਹੀ ਨਾਲ ਕਿਸੇ ਦੀ ਸ਼ਮੂਲੀਅਤ

ਨਵੀਂ ਬਣੀ ਆਮ ਆਦਮੀ ਪਾਰਟੀ ਵਿਚ ਬੇਸ਼ੱਕ ਅਜੇ ਸਿਰਕੱਢ ਆਗੂਆਂ ਅਤੇ ਵਰਕਰਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਹੋਣ ਲਈ ਦਬਕਾ ਅਤੇ ਪਰਚਾ ਕਲਚਰ ਸ਼ੁਰੂ ਨਹੀਂ ਹੋਇਆ ਪਰ ਜਿਹੜੀਆਂ ਰਵਾਇਤੀ ਪਾਰਟੀਆਂ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀਆਂ ਹਨ ਉਨ੍ਹਾਂ ਵਲੋਂ ਇਸ ਕਲਚਰ ਨੂੰ ਜ਼ਰੂਰ ਅਪਣਾਇਆ ਜਾਂਦਾ ਸੀ ਅਤੇ ਉਹ ਇਸ ਕਲਚਰ ਦੇ ਜ਼ਰੀਏ ਵਰਕਰਾਂ ਅਤੇ ਸਿਰਕੱਢ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਲਈ ਸਫ਼ਲ ਜ਼ਰੂਰ ਹੁੰਦੀਆਂ ਸਨ। ਸ਼ਮੂਲੀਅਤ ਮੌਕੇ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਜਾਂ ਫਿਰ ਹਲਕਾ ਵਿਧਾਇਕ ਜ਼ਰੂਰ ਖੁਸ਼ੀ ਮਹਿਸੂਸ ਕਰਦਾ ਹੋਵੇਗਾ ਕਿ ਮੇਰੀ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਹੈ ਪਰ ਆਖਰ ਉਸਨੂੰ ਦੋ ਕਾਰਨਾਂ ਤੋਂ ਚੋਣਾਂ ਵੇਲੇ ਨੁਕਸਾਨ ਝੱਲਣਾ ਪੈਂਦਾ ਹੈ। ਪਹਿਲਾ ਕਾਰਨ ਕਿ ਉਹ ਤਨੋਂ ਸ਼ਾਮਲ ਹੁੰਦਾ ਹੈ ਮਨੋ ਨਹੀਂ, ਦੂਸਰੇ ਪਾਸੇ ਤਨ ਦੀ ਸ਼ਮੂਲੀਅਤ ਆਪਣੇ ਵਫ਼ਾਦਾਰ ਵਰਕਰਾਂ ਨੂੰ ਪ੍ਰਭਾਵਿਤ ਕਰਦੀ ਹੈ, ਇੰਜ ਕਰ ਕੇ ਫਾਇਦੇ ਦੀ ਜਗ੍ਹਾ ਉਮੀਦਵਾਰਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਹੀ ਕਲਚਰ ਹੁਣ ਹਾਈ ਪੱਧਰ ’ਤੇ ਭਾਜਪਾ ਨੇ ਸ਼ੁਰੂ ਕੀਤਾ ਹੋਇਆ ਹੈ। ਸ਼ਾਇਦ ਇਸ ਕਲਚਰ ’ਚ ਭਾਜਪਾ ਆਪਣੇ ਮਿਸ਼ਨ ਨੂੰ ਪੂਰਾ ਨਾ ਕਰ ਸਕੇ।

ਅਕਾਲੀ ਦਲ ਨਾਲ ਗੱਠਜੋੜ ਦੇ ਅਜੇ ਕੋਈ ਆਸਾਰ ਤਾਂ ਨਹੀਂ ਪਰ ਚਰਚਾਵਾਂ ਜਾਰੀ

10 ਸਾਲ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਲੋਕਾਂ ਨੇ 10 ਸਾਲ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਮੀਨੀ ਪੱਧਰ ਤੱਕ ਵੱਡੇ ਪੱਧਰ ’ਤੇ ਗ੍ਰਾਫ਼ ਡਿੱਗਿਆ ਹੈ ਪਰ ਇਸਦੇ ਬਾਵਜੂਦ ਵੀ ਪਿਤਾ ਪੁਰਖੀ ਅਕਾਲੀ ਦਲ ਨਾਲ ਜੁੜੇ ਪਰਿਵਾਰ ਆਪਣੀ ਪਾਰਟੀ ਨੂੰ ਕਦੇ ਧੋਖਾ ਨਹੀਂ ਦੇਣਾ ਚਾਹੁੰਦੇ। ਵਰਕਰ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਉੱਚਾ ਦੇਖਣ ਲਈ ਅਜੇ ਬਦਲ ਦੇ ਇੰਤਜ਼ਾਰ ’ਚ ਹਨ।

ਬਲਾਕ, ਬੂਥ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ ਤੱਕ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਊਂ ਦੀ ਤਿਉਂ ਆਪਣੇ ਅਹੁਦਿਆਂ ’ਤੇ ਟਿਕੇ ਹੋਏ ਹਨ ਉਹ ਅਜੇ ਵੀ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਆਸਵੰਦ ਹਨ। ਜੇਕਰ ਵਰਕਰਾਂ ਦੀ ਗੱਲ ਸੁਣੀ ਜਾਵੇ ਤਾਂ ਉਹ ਭਾਜਪਾ ਦੇ ਵਧ ਰਹੇ ਪ੍ਰਭਾਵ ਤੋਂ ਲੈ ਕੇ ਵੀ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਨੂੰ ਇੰਜ ਲੱਗ ਰਿਹਾ ਹੈ ਕਿ ਭਾਜਪਾ ਨੂੰ ਪਾਰ ਲੰਘਣ ਦੇ ਲਈ ਅਕਾਲੀ ਦਲ ਦਾ ਸਹਾਰਾ ਲੈਣਾ ਪਵੇਗਾ। ਜਿਸ ਕਰ ਕੇ ਉਹ ਅਜੇ ਆਪਣੀ ਹੀ ਪਾਰਟੀ ’ਚ ਟਿਕੇ ਹੋਏ ਬੈਠੇ ਹਨ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੀ ਵਿਰੋਧਤਾ ਸਮੇਂ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ।

ਹੁਣ ਫਿਰ ਵਰਕਰਾਂ ’ਚ ਇਹ ਗੱਲ ਆਮ ਹੀ ਚੱਲਣ ਲੱਗੀ ਹੈ ਕਿ ਭਾਜਪਾ ਨੂੰ ਵੀ ਸੱਤਾ ਪ੍ਰਾਪਤੀ ਤੱਕ ਪਹੁੰਚਣ ਲਈ ਕਿਸੇ ਗੱਠਜੋੜ ਦਾ ਸਹਾਰਾ ਲੈਣਾ ਪਵੇਗਾ, ਉਨ੍ਹਾਂ ਵਿਚ ਸਿਰਫ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ, ਜੋ ਭਾਜਪਾ ਨਾਲ ਆਪਣੀ ਪੁਰਾਣੀ ਸਾਂਝ ਫਿਰ ਜੋੜ ਸਕਦੀ ਹੈ। ਲੋਕਾਂ ’ਚ ਇਹ ਗੱਲ ਚੱਲ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਜਿੰਨੀਆਂ ਮਰਜ਼ੀ ਈਡੀ ਦੀਆਂ ਰੇਡਾਂ ਮਰਵਾ ਲਏ ਚਾਹੇ ਉਹ ਕਿਸੇ ਵੀ ਪਾਰਟੀ ਦੇ ਲੀਡਰਾਂ ’ਤੇ ਹੋਣ ਉਸ ਨੂੰ ਸੱਤਾ ਪ੍ਰਾਪਤੀ ਲਈ ਕਿਸੇ ਗੱਠਜੋੜ ਦਾ ਸਹਾਰਾ ਲੈਣਾ ਹੀ ਪਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Simran Bhutto

Content Editor

Related News