ਲਿਖਾਈ ਦੇ ਦੋਬਾਰਾ ਮਿਲਾਨ ’ਤੇ ਇਤਰਾਜ਼ ਵਾਲੀ ਰਿੱਟ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਖ਼ਾਰਜ

Monday, Jul 19, 2021 - 09:27 PM (IST)

ਲਿਖਾਈ ਦੇ ਦੋਬਾਰਾ ਮਿਲਾਨ ’ਤੇ ਇਤਰਾਜ਼ ਵਾਲੀ ਰਿੱਟ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਖ਼ਾਰਜ

ਫ਼ਰੀਦਕੋਟ (ਰਾਜਨ)- ਬੇਅਦਬੀ ਮਾਮਲਿਆਂ ਵਿੱਚ ਇਤਰਾਜਯੋਗ ਸ਼ਬਦਾਵਲੀ ਵਾਲੇ ਪੋਸਟਰਾਂ ਦੀ ਲਿਖਾਈ ਦੇ ਮਿਲਾਨ ਨੂੰ ਲੈ ਕੇ ਸੁਖਜਿੰਦਰ ਸਿੰਘ ਅਲਿਆਸ ਸੰਨੀ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਰਿੱਟ ਪਟੀਸ਼ਨ ’ਤੇ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਮਾਨਯੋਗ ਜਸਟਿਸ ਹਰਨਰੇਸ਼ ਸਿੰਘ ਗਿੱਲ ਨੇ ਡਿਪਟੀ ਅਟਾਰਨੀ ਜਨਰਲ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਸਹੀ ਮੰਨਦਿਆਂ ਸੁਖਜਿੰਦਰ ਸਿੰਘ ਦੀ ਰਿੱਟ ਨੂੰ ਖਾਰਜ ਕਰਨ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਸਿਟ ਜਿਸ ਤਰੀਕੇ ਨਾਲ ਇਹ ਜਾਂਚ ਕਰ ਰਹੀ ਹੈ, ਉਸੇ ਹੀ ਢੰਗ ਨਾਲ ਕਰੇਗੀ। 

ਇਹ ਵੀ ਪੜ੍ਹੋ : ਕੈਪਟਨ ਵੱਲੋਂ ਵਿਧਾਇਕਾਂ ਨੂੰ ਲੰਚ ਦੇ ਸੱਦੇ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਜਾਰੀ ਕੀਤਾ ਅਹਿਮ ਬਿਆਨ
ਇੱਥੇ ਇਹ ਦੱਸਣਯੋਗ ਹੈ ਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਆਈ. ਜੀ. ਐੱਸ. ਪੀ. ਐੱਸ. ਪਰਮਾਰ ਦੀ ਹੇਠਲੀ ਅਗਵਾਈ ਹੇਠਲੀ ਸਿਟ ਵੱਲੋਂ 6 ਡੇਰਾ ਪ੍ਰੇਮੀਆਂ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕੀਤਾ ਹੋਇਆ ਹੈ ਜੋ ਜੁਡੀਸ਼ੀਅਲ ਰਿਮਾਂਡ ’ਤੇ ਚੱਲ ਰਹੇ ਹਨ ਅਤੇ ਇਨ੍ਹਾਂ ਖ਼ਿਲਾਫ਼ ਸਿੱਟ ਵੱਲੋਂ ਮਾਨਯੋਗ ਫ਼ਰੀਦਕੋਟ ਅਦਾਲਤ ਵਿੱਚ ਬੀਤੇ ਦਿਨੀ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਤ੍ਰਿਪਤ ਬਾਜਵਾ ਦੇ ਘਰ ਸਿੱਧੂ ਨਾਲ ਮੁਲਾਕਾਤ ਕਰਨ ਪੁੱਜੇ ਪੰਜਾਬ ਕਾਂਗਰਸ ਦੇ ਵਿਧਾਇਕ

ਇੱਥੇ ਇਹ ਦੱਸਣਯੋਗ ਹੈ ਕਿ ਉਕਤ ਵਿੱਚੋਂ ਚਾਰ ਦੋਸ਼ੀ ਦੂਸਰੇ ਮਾਮਲੇ ਬੁਰਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਤਰਾਜਯੋਗ ਭਾਸ਼ਾ ਵਾਲੇ ਪੋਸਟਰ ਲਗਾਉਣ ਦੇ ਮਾਮਲੇ ਵਿੱਚ ਵੀ ਨਾਮਜ਼ਦ ਹਨ ਜਿੰਨ੍ਹਾਂ ਵਿੱਚੋਂ ਸੁਖਜਿੰਦਰ ਸਿੰਘ ਉਰਫ਼ ਸੰਨੀ ਵੱਲੋਂ ਪੋਸਟਰ ਨਾਲ ਲਿਖਾਈ ਦੇ ਮਿਲਾਨ ਸਬੰਧੀ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ, ਫ਼ਰੀਦਕੋਟ ਦੀ ਅਦਾਲਤ ਵੱਲੋਂ ਬੀਤੀ 8 ਜੂਨ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਨੌਤੀ ਦੇ ਕੇ ਇਤਰਾਜ ਜਤਾਇਆ ਸੀ ਕਿ ਪਹਿਲਾਂ ਹੋਏ ਲਿਖਾਈ ਦੇ ਮਿਲਾਨ ਨੂੰ ਦੋਬਾਰਾ ਫਿਰ ਦੁਹਰਾਉਣ ਦੀ ਸੂਰਤ ਵਿੱਚ ਉਸਦੇ ਅਧਿਕਾਰਾਂ ਦਾ ਹਨ ਹੋ ਰਿਹਾ ਹੈ ਜਿਸ’ਤੇ ਮਾਨਯੋਗ ਜਸਟਿਸ ਵੱਲੋਂ ਟਿੱਪਣੀ ਕਰਦਿਆਂ ਕਿਹਾ ਗਿਆ ਕਿ ਅਜਿਹਾ ਕਰਣ ਨਾਲ ਅਧਿਕਾਰਾਂ ’ਤੇ ਕੋਈ ਹਨ ਵਾਲੀ ਗੱਲ ਨਹੀਂ ਹੈ। ਇਹ ਰਿੱਟ ਪਟੀਸ਼ਨ ਰੱਦ ਹੋਂਣ ਨਾਲ ਹੁਣ ਬੇਅਦਬੀ ਮਾਮਲਿਆਂ ਦੀ ਜਾਂਚ ਜਲਦੀ ਨਾਲ ਅੱਗੇ ਵਧਣ ਦਾ ਰਾਹ ਪੱਧਰਾ ਹੋ ਗਿਆ ਹੈ।


author

Bharat Thapa

Content Editor

Related News