ਹੋਲੀ ਦੇ ਤਿਉਹਾਰ ਤੇ ਪੁਲਸ ਨੇ ਪਹਿਲੀ ਵਾਰ ਕੱਸੀ ਸ਼ਰਾਰਤੀ ਅਨਸਰਾਂ ਤੇ ਨਕੇਲ, ਕੀਤੀ ਛਿੱਤਰ-ਪਰੇਡ

03/11/2020 2:49:30 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਹੋਲੀ ਤੇ ਹੁੱਲੜਬਾਜਾਂ ਤੇ ਨਕੇਲ ਕਸਣ ਲਈ ਪੁਲਸ ਨੇ ਇਸ ਵਾਰ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਜਿਲਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਸ ਦੀਆਂ ਟੀਮਾਂ ਥਾਂ ਥਾਂ ਤੇ ਪੈਟਰੋਲਿੰਗ ਕਰ ਰਹੀਆਂ ਸਨ। ਮੋਟਰਸਾਈਕਲਾਂ ਤੇ ਸਵਾਰ ਪੁਲਸ ਦੇ ਕਰਮਚਾਰੀ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖ ਰਹੇ ਸਨ। ਪੁਲਸ ਨੇ ਗਸ਼ਤ ਕਰਨ ਲਈ ਛੋਟੇ ਹਾਥੀ ਟੈਂਪੂਆਂ ਦਾ ਪ੍ਰਯੋਗ ਵੀ ਕੀਤਾ। ਥਾਂ-ਥਾਂ ਤੇ ਪੁਲਸ ਤੇ ਨਾਕੇ ਲੱਗੇ ਹੋਏ ਸਨ। ਜ਼ਿਲੇ ਵਿਚ ਤਾਇਨਾਤ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਹੋਲੀ ਤੇ ਹੁੱਲੜਬਾਜਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਕਈ ਥਾਂਵਾਂ ਤੇ ਪੁਲਸ ਨੇ ਹੁੱਲੜਬਾਜਾਂ ਦੀ ਛਿੱਤਰ ਪਰੇਡ ਵੀ ਕੀਤੀ ਅਤੇ ਕਈ ਵਾਹਨ ਚਾਲਕਾਂ ਦੇ ਚਾਲਾਨ ਵੀ ਕੱਟੇ। ਖੁਦ ਐੱਸ.ਐੱਸ.ਪੀ. ਸੰਦੀਪ ਗੋਇਲ ਬਾਜਾਰਾਂ ਵਿਚ ਗਸ਼ਤ ਕਰਕੇ ਹਾਲਾਤ ਦਾ ਜਾਇਜ਼ਾ ਲੈ ਰਹੇ ਸਨ। ਲੋਕਾਂ ਵਲੋਂ ਪੁਲਸ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਪਹਿਲੀ ਵਾਰ ਦੇਖਣ ਨੂੰ ਮਿਲੀ ਹੋਲੀ ਤੇ ਸ਼ਾਂਤੀ
ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਸ਼ਹਿਰ ਵਿਚ ਇਸ ਵਾਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਹੋਲੀ ਤੇ ਕੋਈ ਹੁੱਲੜਬਾਜੀ ਨਹੀਂ ਹੋਈ। ਆਮ ਤੌਰ ਤੇ ਦੇਖਣ ਨੂੰ ਮਿਲਦਾ ਸੀ ਕਿ ਸ਼ਰਾਰਤੀ ਅਨਸਰ ਝੁੰਡਾਂ ਦੇ ਝੁੰਡ ਬਣਾਕੇ ਬਾਜ਼ਾਰਾਂ 'ਚ ਰੰਗ ਉਡਾਉਂਦੇ ਆਪਣੇ ਵਾਹਨਾਂ ਤੇਜ਼ੀ ਨਾਲ ਜਾਂਦੇ ਸਨ। ਇਹ ਰੰਗ ਲੋਕਾਂ ਦੀਆਂ ਅੱਖਾਂ ਵਿਚ ਪੈਂਦਾ ਸੀ। ਇਸ ਨਾਲ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਉਠਾਉਣੀ ਪੈਂਦੀ ਸੀ ਪਰ ਇਸ ਵਾਰ ਪੁਲਸ ਨੇ ਇਹਨਾਂ ਸ਼ਰਾਰਤੀ ਅਨਸਰਾਂ ਤੇ ਨਕੇਲ ਕਸੀ ਅਤੇ ਪਹਿਲੀ ਵਾਰ ਹੋਲੀ ਦੇ ਤਿਉਹਾਰ ਤੇ ਸ਼ਾਂਤੀ ਦੇਖਣ ਨੂੰ ਮਿਲੀ।

PunjabKesari

ਹੋਲੀ ਦੇ ਤਿਉਹਾਰ ਤੇ ਪੁਲਸ ਨੇ ਪਹਿਲੀ ਵਾਰ ਕੱਸੀ ਸ਼ਰਾਰਤੀ ਅਨਸਰਾਂ ਤੇ ਨਕੇਲ, ਕੀਤੀ ਛਿੱਤਰ-ਪਰੇਡ
ਬੇਅੰਤ ਸਿੰਘ ਬਾਠ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਤੇ ਲੜਕੀਆਂ ਨੂੰ ਆਪਣੇ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਸੀ। ਕਿਉਂਕਿ ਸ਼ਰਾਰਤ ਅਨਸਰ ਬਾਜਾਰਾਂ ਵਿਚ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਜੇਕਰ ਕੋਈ ਲੜਕੀ ਰਸਤੇ ਵਿਚ ਜਾਂਦੀ ਸੀ ਤਾਂ ਉਸ ਤੇ ਰੰਗ ਸੁੱਟ ਦਿੱਤਾ ਜਾਂਦਾ ਸੀ ਅਤੇ ਕਈ ਸ਼ਰਾਰਤੀ ਅਨਸਰ ਲੜਕੀਆਂ ਨਾਲ ਛੇੜਖਾਨੀ ਵੀ ਕਰਦੇ ਸਨ। ਪਰ ਇਸ ਵਾਰ ਪੁਲਸ ਦੀ ਸਖਤੀ ਕਾਰਨ ਲੜਕੀਆਂ ਵੀ ਆਰਾਮ ਨਾਲ ਆਪਣੇ ਘਰਾਂ ਵਿਚੋਂ ਨਿਕਲ ਸਕੀਆਂ। ਜਿਸ ਲਈ ਐਸ ਐਸ ਪੀ ਸੰਦੀਪ ਗੋਇਲ ਵਧਾਈ ਦੇ ਪਾਤਰ ਹਨ।

ਸੜਕ ਹਾਦਸਿਆਂ ਤੋਂ ਮਿਲੀ ਰਾਹਤ
ਯੂਥ ਕਾਂਗਰਸੀ ਆਗੂ ਡਿੰਪਲ ਉਪਲੀ ਨੇ ਕਿਹਾ ਕਿ ਪਹਿਲਾਂ ਹੋਲੀ ਦੇ ਤਿਉਹਾਰ ਤੇ ਸ਼ਰਾਰਤੀ ਅਨਸਰ ਰੰਗ ਹਵਾ ਵਿਚ ਉਡਾ ਦਿੰਦੇ ਸਨ। ਇਹ ਰੰਗ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਣ ਕਾਰਨ ਉਹਨਾਂ ਦਾ ਵਾਹਨ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਸੀ ਅਤੇ ਕਈ ਵਿਅਕਤੀ ਇਸ ਨਾਲ ਗੰਭੀਰ ਰੂਪ ਵਿਚ ਜਖਮੀ ਹੋ ਜਾਂਦੇ ਸਨ। ਖੁਦ ਹੋਲੀ ਖੇਡਣ ਵਾਲੇ ਸ਼ਰਾਰਤੀ ਅਨਸਰ ਵੀ ਆਪਣੇ ਵਾਹਨਾਂ ਨੂੰ ਤੇਜੀ ਨਾਲ ਭਜਾਉਂਦੇ ਸਨ। ਉਹ ਖੁਦ ਵੀ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਸਨ ਅਤੇ ਦੂਜੇ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਬਣਾ ਦਿੰਦੇ ਸਨ। ਪੁਲਸ ਦੀ ਸਖਤੀ ਕਾਰਨ ਇਸ ਵਾਰ ਕੋਈ ਵੀ ਹੋਲੀ ਕਾਰਨ ਸੜਕ ਹਾਦਸਾ ਨਹੀਂ ਹੋਇਆ। ਜਿਸ ਕਾਰਨ ਪੁਲਸ ਵਧਾਈ ਦੀ ਪਾਤਰ ਹੈ।


Shyna

Content Editor

Related News