ਲੁੱਟ ਦੀ ਵਾਰਦਾਤ ਦਾ ਜਾਇਜ਼ਾ ਲੈਣ ਗਏ ASI ਸਣੇ 3 'ਤੇ ਚੜ੍ਹੀ ਤੇਜ਼ ਰਫ਼ਤਾਰ ਇੰਡੈਵਰ, ਇਕ ਦੀ ਹੋਈ ਮੌਤ
Monday, Jan 29, 2024 - 05:12 AM (IST)
ਲੁਧਿਆਣਾ (ਰਾਜ)- ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਗਏ ਚੌਕੀ ਜਨਕਪੁਰੀ ਦੇ ਏ.ਐੱਸ.ਆਈ. ਸਮੇਤ 3 ਲੋਕਾਂ ਨੂੰ ਇਕ ਓਵਰਸਪੀਡ ਇੰਡੈਵਰ ਨੇ ਕੁਚਲ ਦਿੱਤਾ। ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਏ.ਐੱਸ.ਆਈ. ਅਤੇ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਗੱਡੀ ਦੀ ਚਾਲਕ ਇੰਡੈਵਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਨੌਜਵਾਨ ਸ਼ੇਰਪੁਰ ਦਾ ਰਹਿਣ ਵਾਲਾ ਹਰਦੀਪ ਸਿੰਘ ਵਿੱਕੀ ਹੈ, ਜਦਕਿ ਜ਼ਖਮੀ ਏ.ਐੱਸ.ਆਈ. ਜਸਬੀਰ ਸਿੰਘ ਅਤੇ ਮ੍ਰਿਤਕ ਦਾ ਦੋਸਤ ਰਾਹੁਲ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾ ਕੇ ਇੰਡੈਵਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਚਾਲਕ ਸੰਚਿਤ ਗੁਪਤਾ ਖਿਲਾਫ਼ ਕਾਰਵਾਈ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਆਮ ਆਦਮੀ ਪਾਰਟੀ ਨੇ ਰੂਬਲ ਸੰਧੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਜਲੰਧਰ ਯੂਥ ਵਿੰਗ ਦਾ ਪ੍ਰਧਾਨ
ਜਾਣਕਾਰੀ ਦਿੰਦਿਆਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਹਰਦੀਪ ਸਿੰਘ ਦੀ ਡੀ.ਟੀ.ਡੀ.ਸੀ. ਕੋਰੀਅਰ ਦੀ ਏਜੰਸੀ ਹੈ। ਅਕਸਰ ਉਹ ਰਾਤ ਨੂੰ ਗੱਡੀ ਲੋਡ ਕਰਵਾ ਕੇ ਲੇਟ ਹੀ ਘਰ ਜਾਂਦਾ ਸੀ। ਸ਼ਨੀਵਾਰ ਦੀ ਰਾਤ ਉਹ ਕੰਮ ਖਤਮ ਕਰਨ ਤੋਂ ਬਾਅਦ ਦੋਸਤ ਰਾਹੁਲ ਨਾਲ ਘਰ ਆ ਰਿਹਾ ਸੀ। ਢੋਲੇਵਾਲ ਪੁਲ ’ਤੇ ਕੁਝ ਬਦਮਾਸ਼ ਇਕ ਰਾਹਗੀਰ ਤੋਂ ਲੁੱਟ-ਖੋਹ ਕਰ ਰਹੇ ਸਨ। ਹਰਦੀਪ ਅਤੇ ਰਾਹੁਲ ਵਾਰਦਾਤ ਨੂੰ ਦੇਖ ਕੇ ਮਦਦ ਲਈ ਪੁਲਸ ਨੂੰ ਨੇੜੇ ਚੌਕੀ ਤੋਂ ਬੁਲਾਉਣ ਲਈ ਗਏ ਅਤੇ ਏ.ਐੱਸ.ਆਈ. ਜਸਬੀਰ ਸਿੰਘ ਨੂੰ ਮੌਕੇ ਤੋਂ ਲੈ ਕੇ ਗਏ। ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਲੁਟੇਰੇ ਜਾ ਚੁੱਕੇ ਸਨ। ਇਸ ਤੋਂ ਬਾਅਦ ਏ.ਐੱਸ.ਆਈ. ਜਸਬੀਰ ਸਿੰਘ ਲੁੱਟ ਦਾ ਸ਼ਿਕਾਰ ਰਾਹਗੀਰ ਤੋਂ ਪੁੱਛਗਿੱਛ ਕਰਨ ਲੱਗੇ।
ਇਸੇ ਦੌਰਾਨ ਇਕ ਓਵਰਸਪੀਡ ਇੰਡੈਵਰ ਕਾਰ ਆਈ, ਜੋ ਕਿ ਪਹਿਲਾਂ ਡਿਵਾਈਡਰ ਨਾਲ ਟਕਰਾਈ। ਉਸ ਤੋਂ ਬਾਅਦ ਏ.ਐੱਸ.ਆਈ., ਹਰਦੀਪ ਅਤੇ ਰਾਹੁਲ ਨੂੰ ਕੁਚਲਦੇ ਹੋਏ ਹਰਦੀਪ ਦੀ ਵੈਨਿਊ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਹਰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਨਸਭਾ ਦੌਰਾਨ ਟੁੱਟ ਗਈ ਸਟੇਜ, ਕਈ ਆਗੂ ਡਿੱਗ ਕੇ ਹੋਏ ਜ਼ਖ਼ਮੀ, ਦੇਖੋ ਵੀਡੀਓ
ਹਾਦਸੇ ਤੋਂ ਬਾਅਦ ਮੁਲਜ਼ਮ ਚਾਲਕ ਦੇ ਸਾਥੀ ਆਏ ਅਤੇ ਉਸ ਨੂੰ ਉੱਥੋਂ ਲੈ ਕੇ ਫਰਾਰ ਹੋ ਗਏ। ਰਾਹਗੀਰਾਂ ਨੇ ਪੁਲਸ ਕੰਟਰੋਲ ਰੂਮ ’ਤੇ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਚੌਕੀ ਜਨਕਪੁਰੀ ਅਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਹਰਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਸਪ੍ਰੀਤ ਨੇ ਕਿਹਾ ਕਿ ਉਸ ਦੀ ਵੱਡੀ ਭੈਣ ਜਸਕਿਰਨ ਕੌਰ ਕੈਨੇਡਾ ਤੋਂ ਭਾਰਤ ਆ ਰਹੀ ਹੈ। ਉਸ ਦੇ ਆਉਣ ਤੋਂ ਬਾਅਦ ਹੀ ਹਰਦੀਪ ਦਾ ਸਸਕਾਰ ਕਰਨਗੇ।
ਉੱਧਰ ਚੌਕੀ ਇੰਚਾਰਜ ਕਪਿਲ ਕੁਮਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਏ.ਐੱਸ.ਆਈ. ਦੀਆਂ ਪੱਸਲੀਆਂ ਟੁੱਟ ਗਈਆਂ ਹਨ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਲਜ਼ਮ ਇੰਡੈਵਰ ਚਾਲਕ ਸੰਚਿਤ ਗੁਪਤਾ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉੱਥੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਨਹੀਂ ਹੋਈ ਅਤੇ ਨਾ ਹੀ ਪੁਲਸ ਕੋਲ ਕੋਈ ਸ਼ਿਕਾਇਤ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8