ਰੇਤਾ-ਬੱਜਰੀ ਦੇ ਵਧ ਰਹੇ ਭਾਅ ਨੇ ਨਿਰਮਾਣ ਕਾਰਜਾਂ 'ਤੇ ਲਾਈ ਬ੍ਰੇਕ, 100 ਗਜ ਦੇ ਘਰ ਦੀ ਲਾਗਤ 2 ਲੱਖ ਤੱਕ ਵਧੀ

Wednesday, Sep 07, 2022 - 02:18 PM (IST)

ਰੇਤਾ-ਬੱਜਰੀ ਦੇ ਵਧ ਰਹੇ ਭਾਅ ਨੇ ਨਿਰਮਾਣ ਕਾਰਜਾਂ 'ਤੇ ਲਾਈ ਬ੍ਰੇਕ, 100 ਗਜ ਦੇ ਘਰ ਦੀ ਲਾਗਤ 2 ਲੱਖ ਤੱਕ ਵਧੀ

ਚੰਡੀਗੜ੍ਹ : ਪੰਜਾਬ 'ਚ ਇਕ ਵਾਰ ਫਿਰ ਰੇਤਾ ਤੇ ਬੱਜਰੀ ਦੇ ਭਾਅ ਆਸਮਾਨ ਛੂ ਰਹੇ ਹਨ। ਦੱਸ ਦੇਈਏ ਕਿ ਖਣਨ 'ਤੇ ਰੋਕ ਲਗਾਉਣ ਤੋਂ ਬਾਅਦ ਰੇਤਾ ਤੇ ਬੱਜਰੀ ਦੇ ਭਾਅ 'ਚ ਵੱਡਾ ਉਛਾਲ ਆਇਆ ਹੈ। ਇਸ ਦਾ ਅਸਰ ਆਮ ਆਦਮੀ ਤੋਂ ਇਲਾਵਾ ਸਰਕਾਰੀ ਪ੍ਰੋਜੈਕਟਾਂ 'ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਸੂਬੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਦਿਖਾਈ ਗਈ ਪੰਜਾਬ ਸਰਕਾਰ ਦੀ ਸਖ਼ਤੀ ਨੇ ਵੀ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਰੇਤ ਦਾ ਭਾਅ ਦੋ ਗੁਣਾ ਵਧਾ ਦਿੱਤਾ ਹੈ। ਹਾਲਾਤ ਕੁਝ ਅਜਿਹੇ ਹਨ ਕਿ ਮਹਿੰਗੇ ਭਾਅ ਅਤੇ ਰੇਤਾ-ਬੱਜਰੀ ਦੀ ਘਾਟ ਦੇ ਚੱਲਦਿਆਂ ਆਮ ਲੋਕ ਜਾਂ ਤਾਂ ਆਪਣੇ ਘਰ ਨੂੰ ਬਣਾਉਣ ਦਾ ਵਿਚਾਰ ਟਾਲ ਰਹੇ ਹਨ ਜਾਂ ਫਿਰ ਆਪਣੇ ਕੰਮ ਦੀ ਰਫ਼ਤਾਰ ਹੌਲੀ ਕਰ ਰਹੇ ਹਨ। ਦੱਸ ਦੇਈਏ ਕਿ ਸਰਕਾਰ ਵੱਲੋਂ ਜੋ ਸੜਕਾਂ ਬਣਾਉਣ ਦੇ ਲਈ ਪਹਿਲਾਂ ਟੈਂਡਰ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਭਾਅ ਵਧਣ ਦੇ ਕਾਰਨ ਠੇਕੇਦਾਰਾਂ ਵੱਲੋਂ ਹੋਲਡ 'ਤੇ ਰੱਖ ਦਿੱਤਾ ਗਿਆ ਹੈ। ਬਸ ਰਾਹਤ ਇਹ ਰਹੀ ਕਿ ਮਾਨਸੂਨ ਸੀਜ਼ਨ 'ਚ ਸੜਕਾਂ ਦੇ ਨਿਰਮਾਣ ਦਾ ਕੰਮ ਵੈਸੇ ਵੀ ਘਟ ਜਾਂਦਾ ਹੈ, ਇਸ ਲਈ ਸਰਕਾਰੀ ਪ੍ਰੋਜੈਕਟਾਂ 'ਤੇ ਇਸ ਦਾ ਕੁਝ ਜ਼ਿਆਦਾ ਅਸਰ ਨਹੀਂ ਹੋ ਰਿਹਾ। 

ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਮੰਗਾਉਣਾ ਪੈ ਰਿਹਾ ਰੇਤਾ-ਬੱਜਰੀ

ਵਧ ਰਹੀ ਮੰਗ ਨੂੰ ਦੇਖਦਿਆਂ ਗੁਆਂਢੀ ਸੂਬਿਆਂ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਰੇਤਾ-ਬੱਜਰੀ ਮੰਗਵਾਉਣੀ ਪੈ ਰਹੀ ਹੈ ਪਰ ਗੁਅਂਢੀ ਸੂਬਿਆਂ ਦਾ ਰੁਖ਼ ਕਰਨ ਵਾਲੇ ਠੇਕੇਦਾਰਾਂ ਨੂੰ ਸੂਬੇ ਅੰਦਰ ਪੈਰ ਰੱਖਦਿਆਂ ਹੀ ਕਰੀਬ 7 ਹਜ਼ਾਰ ਰੁਪਏ ਦਾ ਐਂਟਰੀ ਟੈਕਸ ਦੇਣਾ ਪੈ ਰਿਹਾ ਹੈ। ਇਸ ਕਾਰਨ 200 ਫੁੱਟ ਦੀ ਟਰਾਲੀ ਦਾ ਭਾਅ ਪਠਾਨਕੋਟ ਦੇ ਸਰਹੱਦੀ ਇਲਾਕਿਆਂ 'ਚ ਪਹਿਲਾਂ ਦੇ 3500 ਰੁਪਏ ਤੋਂ ਵਧ ਕੇ 7 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਜੋ ਜ਼ਿਲ੍ਹੇ ਦਰਿਆ ਨਾਲ ਲੱਗਦੇ ਹਨ , ਉਨ੍ਹਾਂ ਜ਼ਿਲ੍ਹਿਆਂ 'ਚ ਰੇਤਾ-ਬੱਜਰੀ ਦਾ ਭਾਅ ਹੋਰ ਵੀ ਜ਼ਿਆਦਾ ਹੈ। ਬਾਕੀ ਰਹਿੰਦੀ ਕਸਰ ਸਰਕਾਰ ਦੀ ਸਖ਼ਤੀ ਤੋਂ ਨਾਰਾਜ਼ ਸਟੋਨ ਕਰੈਸ਼ਰ ਦੀ ਹੜਤਾਲ ਨੇ ਪੂਰੀ ਕਰ ਦਿੱਤੀ ਹੈ। 

ਫਿਰੋਜ਼ਪੁਰ ਦੇ 21 ਸਰਕਾਰੀ ਪ੍ਰੋਜੈਕਟਾਂ 'ਤੇ ਹੋਇਆ ਅਸਰ

ਪਟਿਆਲਾ 'ਚ ਰਿਟੇਲ 'ਚ ਸਿਰਫ਼ ਯਮੁਨਾਨਗਰ ਦੀ ਰੇਤ ਹੀ ਮਿਲ ਰਹੀ ਹੈ ਤੇ ਉਹ ਵੀ 35 ਤੋਂ 37 ਰੁਪਏ ਫੁੱਟ ਦੇ ਹਿਸਾਬ ਨਾਲ ਵਿਕ ਰਹੀ ਹੈ। ਵਪਾਰੀਆਂ ਮੁਤਾਬਕ ਪਿਛਲੇ ਕਈ ਮਹੀਨਿਆਂ ਤੋਂ ਪਟਿਆਲਾ 'ਚ ਰੇਤਾ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਜਿਸ ਦਾ ਸਭ ਤੋਂ ਜ਼ਿਆਦਾ ਅਸਰ ਮਕਾਨ/ਦੁਕਾਨਾਂ ਕਨਸਟਰੈਕਸ਼ਨ 'ਤੇ ਪਿਆ ਹੈ। ਜਾਣਕਾਰੀ ਮੁਤਾਬਕ 18 ਲੱਖ ਤੱਕ ਤਿਆਰ ਹੋਣ ਵਾਲਾ 100 ਗਜ ਦਾ ਮਕਾਨ ਹੁਣ 25 ਲੱਖ ਤੱਕ ਪੂਰਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰੇਤ-ਬੱਜਰੀ ਹੀ ਨਹੀਂ ਸਗੋਂ ਲੋਹੇ ਸਮੇਤ ਹੋਰ ਵੀ ਕਈ ਚੀਜ਼ਾਂ ਦੇ ਭਾਅ ਵਿੱਚ ਵਾਧਾ ਹੋਇਆ ਹੈ। 

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਤਾਂ ਇਸ ਵੇਲੇ ਕੋਈ ਵੀ ਸਰਕਾਰੀ ਕੰਮ ਨਹੀਂ ਚੱਲ ਰਿਹਾ। ਰੇਤ-ਬੱਜਰੀ ਕਾਰਨ ਹਰ ਕੰਮ ਰੁੱਕਿਆ ਹੋਇਆ ਹੈ ਪਰ ਲੋਕ ਪਰੇਸ਼ਾਨ ਹਨ ਕਿਉਂਕਿ ਜ਼ਿਲ੍ਹੇ 'ਚ ਰੇਤ ਦੀ ਕੋਈ ਖੱਡ ਨਹੀਂ ਹੈ। ਇੱਥੇ ਰੇਤ ਕਰਨਾਲ ਜਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਆ ਰਹੀ ਹੈ। ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 250 ਫੁੱਟ ਰੇਤਾ ਦੀ ਟਰਾਲੀ ਦੋ ਗੁਣਾ ਮਹਿੰਗੀ ਹੋ ਗਈ ਹੈ। ਇੱਥੇ ਹੁਣ 2 ਗਜ ਦੇ ਘਰ ਦੇ ਨਿਰਮਾਣ ਲਈ 2 ਲੱਖ ਦਾ ਖ਼ਰਚਾ ਵਧ ਗਿਆ ਹੈ। ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੀਬ 21 ਸਰਕਾਰੀ ਪ੍ਰੋਜੈਕਟਾਂ 'ਤੇ ਬ੍ਰੈਕ ਲੱਗੀ ਹੋਈ ਹੈ। ਇੱਥੇ ਰੇਤਾ ਕਰੀਬ 70 ਰੁਪਏ ਫੁੱਟ ਮਿਲ ਰਹੀ ਹੈ ਤੇ ਇਕ ਸਾਧਾਰਨ ਮਕਾਨ 15 ਤੋਂ 17 ਫ਼ੀਸਦੀ ਮਹਿੰਗਾ ਹੋ ਗਿਆ ਹੈ। ਫਾਜ਼ਿਲਕਾ ਦੇ ਆਡੀਸ਼ਨਲ ਖਦਾਨਾਂ ਦੇ ਠੇਕੇ ਵੀ ਰੱਦ ਚੱਲ ਰਹੇ ਹਨ ਅਤੇ ਦੂਜੇ ਸੂਬਿਆਂ ਤੋਂ ਆ ਰਹੀ ਰੇਤ-ਬੱਜਰੀ ਕਾਰਨ ਆਮ ਲੋਕਾਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News