ਵੈਲਡਿੰਗ ਦਾ ਕਾਰੀਗਰ ਤੇ ਆਟੋ ਚਾਲਕ 1 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ

06/26/2020 2:00:29 AM

ਲੁਧਿਆਣਾ,(ਅਨਿਲ) - ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਦੋ ਨਸ਼ਾ ਸਮੱਗਲਰਾਂ ਨੂੰ 1 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਐੱਸ. ਆਈ. ਜਸਪਾਲ ਸਿੰਘ ਦੀ ਪੁਲਸ ਪਾਰਟੀ ਨਿਊ ਜਨਤਾ ਨਗਰ ਵਿਚ ਮੌਜੂਦ ਸੀ ਤਾਂ ਉਸ ਸਮੇਂ ਮੁਖਬਰ ਨੇ ਸੂਚਨਾ ਦਿੱਤੀ ਕਿ ਦੋ ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਸਕੂਟਰੀ 'ਤੇ ਆ ਰਹੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ ਸਾਹਮਣਿਓਂ ਸਕੂਟਰੀ 'ਤੇ ਆ ਰਹੇ ਦੋ ਵਿਅਕਤੀਆਂ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲੈਣ ਦੌਰਾਨ ਸਕੂਟਰੀ ਦੀ ਡਿੱਗੀ 'ਚੋਂ 235 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 1 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ।
ਪੁਲਸ ਨੇ ਤੁਰੰਤ ਦੋਵੇਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਹਨੀਸ਼ ਕੁਮਾਰ (48) ਪੁੱਤਰ ਸੋਹਣ ਲਾਲ ਮੱਘਰ ਦੀ ਚੱਕੀ ਅਤੇ ਗੌਰਵ ਕਪੂਰ (27) ਪੁੱਤਰ ਰਾਧੇ ਸ਼ਾਮ ਵਾਸੀ ਮੁਹੱਲਾ ਗੋਬਿੰਦ ਨਗਰ, ਸ਼ਿਮਲਾਪੁਰੀ ਵਜੋਂ ਕੀਤੀ ਗਈ। ਇਨ੍ਹਾਂ ਮੁਜ਼ਰਮਾਂ ਖਿਲਾਫ ਥਾਣਾ ਸ਼ਿਮਲਾਪੁਰੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੈਲਡਿੰਗ ਦੇ ਕੰਮ ਨਾਲ ਹੀ ਕਰ ਰਿਹਾ ਸੀ ਸਮੱਗਲਿੰਗ
ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਜਰਮ ਹਨੀਸ਼ ਕੁਮਾਰ ਵੈਲਡਿੰਗ ਦਾ ਕੰਮ ਕਰਦਾ ਹੈ ਅਤੇ ਇਸੇ ਦੌਰਾਨ ਉਸ ਨੂੰ ਨਸ਼ੇ ਦੀ ਲਤ ਲੱਗ ਗਈ, ਜਿਸ ਤੋਂ ਬਾਅਦ ਉਸ ਨੇ ਨਸ਼ਾ ਵੇਚਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਜਿਸ ਤੋਂ ਉਸ ਦੀ ਨਸ਼ੇ ਦੀ ਲਤ ਵੀ ਪੂਰੀ ਹੋਣ ਲੱਗੀ ਅਤੇ ਮੋਟੀ ਕਮਾਈ ਵੀ ਕਰਨ ਲੱਗਾ, ਜਦੋਂਕਿ ਮੁਜ਼ਰਮ ਗੌਰਵ ਕਪੂਰ ਆਟੋ ਚਲਾਉਣ ਦਾ ਕੰਮ ਕਰਦਾ ਸੀ। ਆਟੋ ਦੇ ਕੰਮ ਵਿਚ ਕਮਾਈ ਨਾ ਹੋਣ ਕਾਰਨ ਉਸ ਨੇ ਵੀ ਹਨੀਸ਼ ਨਾਲ ਮਿਲ ਕੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਦੋਵੇਂ ਮੁਜ਼ਰਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।


Deepak Kumar

Content Editor

Related News