ਤੰਦਰੁਸਤ ਮਿਸ਼ਨ ਪੰਜਾਬ ਤਹਿਤ ਆਵਾਜ਼ ਪ੍ਰਦੂਸ਼ਣ ਰੋਕਣ ਲਈ ਟ੍ਰੈਫਿਕ ਪੁਲਸ ਨੇ ਵਿੱਢੀ ਮੁਹਿੰਮ
Wednesday, Jun 20, 2018 - 01:57 PM (IST)

ਨਾਭਾ, (ਜਗਨਾਰ)— ਟ੍ਰੈਫਿਕ ਪੁਲਸ ਨਾਭਾ ਨੇ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਐੱਸ.ਐੱਸ.ਪੀ. ਪਟਿਆਲਾ ਦੇ ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਚੰਦ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਇੰਚ. ਏ.ਐੱਸ.ਆਈ. ਦਰਸਨ ਸਿੰਘ ਵੱਲੋਂ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਮੁਹਿੰਮ 'ਚ ਤੇਜੀ ਲਿਆਂਦੀ ਗਈ ਹੈ, ਜਿਸ ਦੇ ਚੱਲਦਿਆਂ ਅੱਜ ਨਾਭਾ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਭਾਰੀ ਗਿਣਤੀ ਵਿੱਚ ਵਾਹਨਾਂ ਤੋਂ ਪ੍ਰੈਸਰ ਹਾਰਨ ਉਤਾਰੇ ਗਏ।ਇਸ ਸਬੰਧੀ ਗੱਲ ਕਰਦਿਆਂ ਟ੍ਰੈਫਿਕ ਇੰਚ. ਦਰਸ਼ਨ ਸਿੰਘ ਨੇ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਵਿੱਚ ਹੋ ਰਹੇ ਨਿੱਤ ਦਿਨ ਵਾਧੇ ਨੂੰ ਰੋਕਣ ਲਈ ਇਹ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਇਸ ਨੂੰ ਮੁੱਢੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕਰੀਬ 25 ਵਾਹਨਾਂ ਤੋਂ ਜਿੱਥੇ ਪ੍ਰੈਸਰ ਹਾਰਨ ਉਤਰਵਾ ਕੇ ਜ਼ਬਤ ਕੀਤੇ ਗਏ ਹਨ ਉੱਥੇ ਨਾਲ ਹੀ ਵੱਡੀ ਗਿਣਤੀ ਵਿੱਚ ਪਟਾਖੇ ਮਾਰਨ ਵਾਲੇ ਬੂਲਟਾਂ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹਿਰ ਅੰਦਰ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਦੁਕਾਨਾਂ ਦੇ ਬਾਹਰ ਜ਼ਿਆਦਾ ਵਾਹਨ ਨਾ ਖੜਾਉਣ ਅਤੇ ਨਾਬਾਲਗ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚੁੱਕਣ ਦੇਣ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ| ਇਸ ਮੌਕੇ ਹੌਲਦਾਰ ਹਰਦੀਪ ਸਿੰਘ ਅਤੇ ਹੌਲਦਾਰ ਕੁਲਦੀਪ ਸਿੰਘ ਆਦਿ ਪੁਲਸ ਮੁਲਾਜਮ ਮੌਜੂਦ ਸਨ।