ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਸਿਹਤ ਮੰਤਰੀ ਦੀ ਚੇਤਾਵਨੀ, ਕਿਹਾ-ਸਖਤੀ ਨਾਲ ਨਜਿੱਠੇਗੀ ਸਰਕਾਰ

04/30/2021 4:23:07 PM

ਤਪਾ ਮੰਡੀ (ਸ਼ਾਮ, ਗਰਗ)-ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਭੂਤ ਅਤੇ ਮੀਤ ਪ੍ਰਧਾਨ ਡਾ. ਸੋਨਿਕਾ ਬਾਂਸਲ ਦੇ ਤਾਜਪੋਸ਼ੀ ਸਮਾਗਮ ਉਪਰੰਤ ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ ਦੇ ਗ੍ਰਹਿ ਵਿਖੇ  ਕਿਹਾ ਕਿ ਸਿਰਫ ਪੰਜਾਬ ’ਤੇ ਹੀ ਨਹੀਂ ਸਗੋਂ ਪੂਰੀ ਦੁਨੀਆ ’ਤੇ ਔਖਾ ਸਮਾਂ ਚੱਲ ਰਿਹਾ ਹੈ, ਜਿਸ ਨਾਲ ਸਾਰਿਆਂ ਨੂੰ ਰਲ-ਮਿਲ ਕੇ ਨਜਿੱਠਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਉਹ ਦਿਨ-ਰਾਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵੈਕਸੀਨ ਦਾ ਕੋਟਾ ਪੂਰਾ ਨਹੀਂ ਹੈ ਪਰ ਜਲਦ ਹੀ 18 ਸਾਲ ਤੋਂ ਉਪਰ ਦੇ ਨੌਜਵਾਨਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਅਫਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਸਾਰਿਆਂ ਨੂੰ ਵੈਕਸੀਨ ਲਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ।

ਆਕਸੀਜਨ ਦੀ ਕਾਲਾਬਾਜ਼ਾਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਜਿੰਨੇ ਵੀ ਆਕਸੀਜਨ ਦੇ ਸਿਲੰਡਰਾਂ ਦਾ ਲੈਣ-ਦੇਣ ਹੁੰਦਾ ਹੈ, ਉਸ ਦਾ ਸਾਰਾ ਰਿਕਾਰਡ ਸਰਕਾਰ ਰੱਖਦੀ ਹੈ ਪਰ ਫਿਰ ਵੀ ਜੇਕਰ ਕੋਈ ਸਮਾਜ ਦਾ ਦੁਸ਼ਮਣ ਕਿਸਮ ਦਾ ਵਿਅਕਤੀ ਆਕਸੀਜਨ ਦੀ ਸਪਲਾਈ ਰੋਕਦਾ ਜਾਂ ਕਾਲਾਬਾਜ਼ਾਰੀ ਕਰਦਾ ਹੈ, ਸਰਕਾਰ ਉਸ ਨਾਲ ਸਖਤੀ ਨਾਲ ਪੇਸ਼ ਆਵੇਗੀ। ਇਸ ਮੌਕੇ ਵਾਰਡ ਨੰਬਰ ਪੰਜਾ ਤੋਂ ਆਜ਼ਾਦ ਚੋਣ ਜਿੱਤੇ ਤੇ ਨਗਰ ਕੌਂਸਲ ਤਪਾ ਦੇ ਮੀਤ ਪ੍ਰ੍ਰਧਾਨ ਡਾ. ਸੋਨਿਕਾ ਬਾਂਸਲ ਵੱਲੋਂ ਆਪਣੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਤਰਜੀਹ ਦਿੰਦਿਆਂ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ’ਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਸ਼ਹਿਰ ਦੇ ਵਿਕਾਸ ਦੇ ਮੱਦੇਨਜ਼ਰ ਹੀ ਆਜ਼ਾਦ ਕੌਂਸਲਰਾਂ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਵਿਚ ਆ ਕੇ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ’ਤੇ ਲੈ ਕੇ ਜਾਣ। ਉਨ੍ਹਾਂ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਵੀ ਅਪੀਲ  ਕੀਤੀ ਕਿ ਆਓ ਰਲ ਕੇ ਸਾਰੇ ਆਪਾਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਇਕੱਠੇ ਹੋ ਕੇ ਕੰਮ ਕਰੀਏ ਤੇ ਆਪਣੇ ਸ਼ਹਿਰ ਦੇ ਵਿਕਾਸ ਨੂੰ ਬੁਲੰਦੀਆਂ ’ਤੇ ਲੈ ਕੇ ਜਾਈਏ ਕਿਉਂਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਰਲਮਿਲ ਕੇ ਕੰਮ ਕਰਨ ਨਾਲ ਹੀ ਸ਼ਹਿਰ ਦਾ ਵਿਕਾਸ ਕੀਤਾ ਜਾ ਸਕਦਾ ਹੈ। ਸ਼ਹਿਰ ਦਾ ਵਿਕਾਸ ਕਰਕੇ ਅਸੀਂ ਉਨ੍ਹਾਂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰੀਏ, ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ ਹੈ।

ਇਸ ਮੌਕੇ ਹਲਕਾ ਇੰਚਾਰਜ ਸੁਰਿੰਦਰ ਕੌਰ ਬਾਲੀਆਂ, ਨਗਰ ਕਂੌਸਲ ਦੇ ਪ੍ਰਧਾਨ ਅਨਿਲ ਕੁਮਾਰ ਭੂਤ, ਟਰੱਕ ਯੂਨੀਅਨ ਦੇ ਪ੍ਰਧਾਨ ਅਸ਼ੋੋਕ ਕੁਮਾਰ ਭੂਤ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਭੂਤ, ਸੂਬਾ ਸਕੱਤਰ ਕਾਂਗਰਸ ਅਮਰੀਸ਼ ਰਿੰਪੀ ਅਗਰਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਧਾਲੀਵਾਲ, ਵਾਈਸ ਚੇਅਰਮੈਨ ਭੁਪਿੰਦਰ ਸਿੱਧੂ, ਸੰਜੇ ਭੂਤ ਪ੍ਰਧਾਨ ਸ਼ੈੈਲਰ ਐਸੋਸੀਏਸਨ, ਮੁਨੀਸ਼ ਬਾਂਸਲ ਚੇਅਰਮੈਨ ਐਂਟੀ ਨਾਰਕੋਟਿਕਸ ਸੈੱਲ, ਡਾ. ਗੁਰਦੇਵ ਬਾਂਸਲ, ਡਾ. ਬਾਲ ਚੰਦ ਬਾਂਸਲ, ਡਾ. ਨਰੇਸ਼ ਬਾਂਸਲ, ਸੇਵਾਮੁਕਤ ਏ. ਡੀ. ਸੀ. ਪ੍ਰਵੀਨ ਗੋਇਲ, ਮੇਘ ਰਾਜ ਭੂਤ, ਰਾਜ ਕੁਮਾਰ ਭੂਤ, ਸੁਸ਼ੀਲ ਕੁਮਾਰ ਭੂਤ, ਐਡਵੋਕੇਟ ਨਿਰਭੈ ਸਿੰਘ ਸਿੱਧੂ, ਗੁਰਬਚਨ ਸਿੰਘ ਸਿੱਧੂ, ਬੂਟਾ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਰਾਜ ਕੁਮਾਰ ਭੂਤ, ਪਵਨ ਕੁਮਾਰ ਭੂਤ, ਹੇਮ ਰਾਜ ਭੂਤ, ਸੂਰਜ ਆਲੀਕੇ ਵਾਲਾ, ਵਿਨੋਦ ਬਾਂਸਲ, ਪੰਡਿਤ ਡਿੰਪੀ ਸ਼ਰਮਾ ਆਦਿ ਵੱਡੀ ਗਿਣਤੀ ’ਚ ਕਾਂਗਰਸੀਆਂ ਨੇ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਵਿਨੋਦ ਕੁਮਾਰੀ ਨੇ ਨਿਭਾਈ।


Manoj

Content Editor

Related News