ਹਸਪਤਾਲ ਦੀ ਲਾਪਰਵਾਹੀ ਕਾਰਨ ਸਦਮੇ ''ਚ ਪਰਿਵਾਰ, ਵਿਭਾਗ ਨੇ ਕੀਤਾ ਸੀਲ

Wednesday, Nov 16, 2022 - 09:55 PM (IST)

ਹਸਪਤਾਲ ਦੀ ਲਾਪਰਵਾਹੀ ਕਾਰਨ ਸਦਮੇ ''ਚ ਪਰਿਵਾਰ, ਵਿਭਾਗ ਨੇ ਕੀਤਾ ਸੀਲ

ਫਾਜ਼ਿਲਕਾ  (ਸੁਖਵਿੰਦਰ ਥਿੰਦ ਆਲਮਸ਼ਾਹ) : ਫਾਜ਼ਿਲਕਾ ਦੇ ਨਿਜੀ ਅੰਦਰ ਚੱਲ ਰਹੇ ਡਾਇਗਨੋਸਟਿਕ ਸੈਂਟਰ ਵਿਚ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਹਸਪਤਾਲ ਦੀ ਅਲਟਰਾਸਾਊਂਡ ਮਸ਼ੀਨ ਨੂੰ ਸੀਲ ਕਰ ਦਿੱਤਾ ਅਤੇ ਹਸਪਤਾਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰੁਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਗਰਭਵਤੀ ਸੀ ਤਾਂ ਉਨ੍ਹਾਂ ਨੇ ਚੈੱਕਅਪ ਲਈ ਕਿਸੇ ਪ੍ਰਾਈਵੇਟ ਡਾਕਟਰ ਨੂੰ ਵਿਖਾਇਆ ਤਾਂ ਡਾਕਟਰ ਨੇ ਲੈਵਲ-ਟੂ ਟੈਸਟ ਕਰਵਾਉਣ ਲਈ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਟੈਸਟ ਵਿਚ ਬੱਚੇ ਦੇ ਸਾਰੇ ਅੰਗਾਂ ਸਬੰਧੀ ਪਤਾ ਲਗ ਜਾਂਦਾ ਹੈ। ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਇਕ ਨਿਜੀ ਹਸਪਤਾਲ ਚਲੇ ਗਏ, ਜਿੱਥੇ ਉਨ੍ਹਾਂ ਨੇ ਲੈਵਲ-ਟੂ ਟੈਸਟ ਕਰਵਾਈਆਂ ਤਾਂ ਡਾਕਟਰ ਨੇ ਕਿਹਾ ਕਿ ਬੱਚੇ ਦੇ ਸਾਰੇ ਅੰਗ ਬਣ ਚੁੱਕੇ ਹਨ ਤੇ ਬੱਚਾ ਬਿਲਕੁਲ ਠੀਕ ਹੈ। 

ਬੱਚੇ ਦੇ ਅੰਗ ਪੂਰੇ ਨਾ ਹੋਣ ਕਾਰਨ ਪਰਿਵਾਰ ਸਦਮੇ 'ਚ, ਹਸਪਤਾਲ 'ਤੇ ਲਾਏ ਗੰਭੀਰ ਦੋਸ਼

ਅਰੁਣ ਅਤੇ ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਉਹ ਬੜੀ ਖੁਸ਼ੀ ਨਾਲ ਆਪਣੀ ਨੂੰਹ ਦੀ ਡਲੀਵਰੀ ਕਰਵਾਉਣ ਲਈ ਗਏ ਸਨ ਪਰ ਜਦੋਂ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ ਤਾਂ ਉਹ ਹੈਰਾਨ ਹੋ ਗਏ ਜਦ ਉਨ੍ਹਾਂ ਵੇਖਿਆ ਕਿ ਬੱਚੇ ਦੇ ਅੰਗ ਪੂਰੇ ਨਹੀਂ ਸਨ। ਇਸ ਕਾਰਨ ਉਨ੍ਹਾਂ ਦਾ ਪਰਿਵਾਰ ਸਦਮੇ ਵਿਚ ਹੈ। ਇਸ ਦੌਰਾਨ ਉਕਤ ਹਸਪਤਾਲ 'ਤੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਅਲਟਰਾਸਾਉਂਡ ਕਰਵਾਉਣ ਲਈ ਗਏ ਸਨ ਤਾਂ ਸਟਾਫ਼ ਨੇ ਇਹ ਵੀ ਕਿਹਾ ਕਿ ਇਕ ਲੱਖ ਰੁਪਏ ਵਿਚ ਅਸੀਂ ਲਿੰਗ ਨਿਧਾਰਿਤ ਟੈਸਟ ਵੀ ਕਰਦੇ ਹਾਂ, ਜਿਸ ਵਿਚ ਇਹ ਪਤਾ ਲਗ ਜਾਂਦਾ ਹੈਕਿ ਤੁਹਾਡੇ ਘਰ ਲੜਕੀ ਜਾਂ ਲੜਕੇ ਨੇ ਜਨਮ ਲੈਣਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਡਾਕਟਰ ਨੇ ਕੀਤੀ ਲਾਲਚ ਦੇਣ ਦੀ ਕੋਸ਼ਿਸ਼

ਪਰਿਵਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਪੈਦਾ ਹੋਏ ਬੱਚੇ ਦੇ ਅੰਗ ਪੂਰੇ ਨਹੀਂ ਸਨ ਤਾਂ ਉਹ ਉਕਤ ਹਸਪਤਾਲ ਸ਼ਿਕਾਇਤ ਕਰਨ ਲਈ ਗਏ ਤਾਂ ਹਸਪਤਾਲ ਦੇ ਮਾਲਕਾਂ ਨੇ ਉਨ੍ਹਾਂ ਦੀ ਆਓ ਭਗਤ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਨੂੰ ਖਰੀਦਣ ਦੀ ਕੋਸ਼ੀਸ਼ ਕੀਤੀ ਗਈ ਅਤੇ ਲਾਲਚ ਦੇਣ ਲਈ ਆਪਣੀ ਪੂਰੀ ਵਾਹ ਲਗਾਈ ਗਈ। ਉਨ੍ਹਾਂ ਸਿਹਤ ਵਿਭਾਗ ਅਤੇ ਪੰਜਾਬ ਦੇ ਪ੍ਰ਼ਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਹਸਪਤਾਲ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹਸਪਤਾਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਿਨ-ਦਿਹਾੜੇ ਹੋਇਆ ਇਕ ਹੋਰ ਕਤਲ, ਸੈਲੂਨ ਗਏ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਡਾਕਟਰ ਵੱਲੋਂ ਰੱਖਿਆ ਜਾਵੇਗਾ ਆਪਣਾ ਪੱਖ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਕਤ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅੱਜ ਉਨ੍ਹਾਂ ਦੀ ਮਸ਼ੀਨ ਸੀਲ ਕੀਤੀ ਗਈ ਹੈ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਸਹੀ ਹਨ ਅਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਉਨ੍ਹਾਂ ਲਿੰਗ ਨਿਰਧਾਰਿਤ ਵਾਲੇ ਮਾਮਲੇ 'ਤੇ ਕਿਹਾ ਕਿ ਪੀੜਤ ਪਰਿਵਾਰ ਝੂਠ ਬੋਲ ਰਿਹਾ ਹੈ, ਉਨ੍ਹਾਂ ਦੇ ਹਸਪਤਾਲ ਵਿਚ ਅਜਿਹਾ ਕੁੱਝ ਨਹੀਂ ਚੱਲਦਾ। 

ਕੀ ਕਹਿਣਾ ਹੈ ਸਿਹਤ ਵਿਭਾਗ ਦੇ ਡਾਕਟਰਾਂ ਦਾ 

ਇਸ ਸਬੰਧੀ ਛਾਪੇਮਾਰੀ ਕਰਨ ਗਏ ਡਾ. ਸਰਬਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਇਕ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਫ਼ਾਜ਼ਿਲਕਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਸਿਵਲ ਸਰਜਨ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਹਸਪਤਾਲ ਦੇ ਅਲਟਰਾਸਾਊਾਡ ਸੈਂਟਰ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਸੈਂਟਰ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਸ ਮਾਮਲੇ ਵਿਚ ਅਜੇ ਕਾਰਵਾਈ ਚੱਲ ਰਹੀ ਹੈ। ਦੂਜੇ ਪਾਸੇ ਇਸ ਖ਼ਬਰ ਨੂੰ ਲੈ ਕੇ ਬਾਜ਼ਾਰ ਅੰਦਰ ਸਹਿਮ ਦਾ ਮਾਹੌਲ ਪਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News