ਕੇਂਦਰੀ ਮੰਤਰੀ ਨੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਪੰਜਾਬ ਸਰਕਾਰ ਦਾ ਵਿਤਕਰਾ ਕੀਤਾ ਉਜਾਗਰ

Sunday, May 03, 2020 - 10:05 PM (IST)

ਕੇਂਦਰੀ ਮੰਤਰੀ ਨੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਪੰਜਾਬ ਸਰਕਾਰ ਦਾ ਵਿਤਕਰਾ ਕੀਤਾ ਉਜਾਗਰ

ਬੁਢਲਾਡਾ,( ਮਨਜੀਤ)- ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ ਵਧਣ ਨੂੰ ਲੈ ਕੇ ਬੇਸ਼ੱਕ ਅਸੀਂ ਚਿੰਤਤ ਹਾਂ ਪਰ ਇਸ ਦੁੱਖ ਦੀ ਘੜੀ ਵਿੱਚ ਹਰ ਇਕ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਐਤਵਾਰ ਨੂੰ ਬੁਢਲਾਡਾ ਦੇ ਪ੍ਰੀਤ ਪੈਲੇਸ ਵਿਖੇ ਦੇਰ ਸ਼ਾਮ ਮੀਂਹ ਪੈਂਦੇ 'ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਵਿਖੇ ਪਿਛਲੇ ਡੇਢ ਮਹੀਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਫਸੇ ਹੋਏ ਸਨ ਤਾਂ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਤਕਲੀਫ ਅਤੇ
ਮੁਸ਼ਕਿਲ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਉੱਥੋਂ ਲਿਆ ਕੇ ਪੰਜਾਬ ਲਿਆਈਏ ਪਰ ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਫੈਲ ਰਹੀ ਹੈ। ਇਸ ਕਰਕੇ ਉਨ੍ਹਾਂ ਦੇ ਪੰਜਾਬ ਵਿੱਚ ਦਾਖਲ ਹੋਣ 'ਤੇ ਬਣਦੇ ਟੈਸਟ ਅਤੇ ਦੇਖਭਾਲ ਕਰਨਾ ਸਰਕਾਰ ਵੱਲੋਂ ਪਹਿਲਾਂ ਹੀ ਕੀਤੇ ਜਾਣੇ ਸੀ ਪਰ ਮੁੱਖ ਮੰਤਰੀ ਨੇ ਕਾਹਲੀ ਕਰਦਿਆਂ ਉਨ੍ਹਾਂ ਦਾ ਪ੍ਰਵੇਸ਼ ਪੰਜਾਬ ਵਿੱਚ ਸਿੱਧਾ ਕਰਵਾਇਆ।ਜਦੋਂ ਹੁਣ ਵੱਡੀ ਗਿਣਤੀ ਵਿੱਚ ਕੋਰੋਨਾ ਪੀੜਤ ਪਾਏ ਜਾ ਰਹੇ ਹਨ ਤਾਂ ਇਸ ਦਾ ਜੂਮਾ ਅਕਾਲੀ ਦਲ ਸਿਰ ਮੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਦੂਜੇ ਸੂਬੇ ਵਿੱਚੋਂ ਵਿਅਕਤੀ ਆਉਂਦੇ ਹਨ ਤਾਂ ਸੂਬਾ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਉਨ੍ਹਾਂ ਦਾ ਸਿਹਤ ਟੈਸਟ ਅਤੇ ਦੇਖਭਾਲ ਕੀਤੀ ਜਾਵੇ ਪਰ ਸ੍ਰੀ ਨਾਂਦੇੜ ਸਾਹਿਬ ਤੋ ਆਉਣ ਵਾਲੇ ਸ਼ਰਧਾਲੂਆਂ ਨਾਲ ਅਵੇਸਲਾ ਰੁੱਖ ਅਪਣਾਇਆ ਜਾ ਰਿਹਾ ਹੈ। ਜਿਸ ਕਰਕੇ ਸ਼ਰਧਾਲੂ ਕੋਰੋਨਾ ਪਾਜੇਟਿਵ ਪਾਏ ਗਏ ਹਨ। ਹੁਣ ਉਨ੍ਹਾਂ ਨਾਲ ਸਮਾਜਿਕ ਭੇਦ-ਭਾਵ ਕੀਤਾ ਜਾਣਾ ਸ਼ੁਰੁ ਹੋ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਦੇ ਨਾਲ ਪੰਜਾਬ ਵਿੱਚ ਹੀ ਜਾਨਵਰਾਂ ਵਾਲਾ ਵਿਤਕਰਾ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਇਸ ਸੰਕਟ ਦੀ ਘੜੀ ਵਿੱਚ ਉਨਾਂ੍ਹ ਦੀ ਬਾਂਹ ਫੜਣ ਦੀ ਲੋੜ ਹੈ ਨਾ ਕਿ ਉਨ੍ਹਾਂ ਨੂੰ ਭੇਡਾਂ-ਬੱਕਰੀਆਂ ਦੀ ਤਰ੍ਹਾਂ ਆਇਸੋਲੇਟ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦਾ ਮੁੱਢਲਾ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਸੁੰਨਸਾਨ ਥਾਵਾਂ ਤੇ ਇਨ੍ਹਾਂ ਨੂੰ ਰੱਖ ਕੇ ਇਕਾਂਤਵਾਸ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼੍ਰੌਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਸ਼੍ਰੌਮਣੀ ਕਮੇਟੀ ਦੇ ਅਸਥਾਨਾਂ ਤੇ ਰੱਖਿਆ ਜਾਵੇ। ਜਿਸ ਤੇ ਸ਼੍ਰੌਮਣੀ ਕਮੇਟੀ ਨੇ ਰੱਖਣ ਲਈ ਸਰਕਾਰ ਨੇ ਹਾਂ ਭਰ ਦਿੱਤੀ ਹੈ। ਪਰ ਸਰਕਾਰ ਇਸ ਗੱਲ ਤੇ ਗੌਰ ਨਹੀਂ ਕਰ ਰਹੀ ਹੈ।  ਹਰਸਿਮਰਤ ਬਾਦਲ ਨੇ ਕਿਹਾ ਕਿ  ਕੋਰੋਨਾ ਨਾਲ ਲੜਣ ਲਈ ਰਾਹਤ ਦੇ ਤੌਰ ਤੇ ੨੪੪ ਕਰੋੜ ਰੁਪਏ ਪੰਜਾਬ ਨੂੰ ਕੇਂਦਰ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ। ਪਰ ਸਰਕਾਰ ਇਹ ਰਾਹਤ ਫੰਡ ਨਾ ਮਿਲਣ ਦੀ ਗੱਲ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਸੰਬੰਧੀ ਤੱਥਾਂ ਸਮੇਤ ਅੰਕੜਾ ਉਨ੍ਹਾਂ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰ ਚੁੱਕਾ ਹੈ। ਪਰ ਕੈਪਟਨ ਨੂੰ ਇਸ ਸੰਬੰਧੀ ਕੋਈ ਇਲਮ ਨਹੀਂ।  ਇਸ ਮੌਕੇ ਬੀਬੀ ਬਾਦਲ ਨੇ ਗਊ ਸੇਵਾ ਦਲ, ਨੇਕੀ ਫਾਊਂਡੇਸ਼ਨ, ਮਾਤਾ ਗੁਜਰੀ ਭਲਾਈ, ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਆਗੂਆਂ ਨੂੰ ਮਾਸਕ ਅਤੇ ਸੈਨੀਟਾਈਜਰ ਵੰਡੇ।

ਇਸ ਮੌਕੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਅਕਾਲੀ ਆਗੂ ਠੇਕੇਦਾਰ ਗੁਰਪਾਲ ਸਿੰਘ, ਅਕਾਲੀ ਆਗੂ ਬਲਵਿੰਦਰ ਸਿੰਘ ਕਾਕਾ, ਯੂਥ ਆਗੂ ਕਰਮਜੀਤ ਸਿੰਘ ਮਾਘੀ, ਰਾਜਿੰਦਰ ਸਿੰਘ ਝੰਡਾ, ਜਸਵੀਰ ਸਿੰਘ ਜੱਸੀ ਬਾਬਾ, ਜਥੇਦਾਰ ਤਾਰਾ ਸਿੰਘ ਵਿਰਦੀ, ਹਨੀ ਚਹਿਲ, ਗੱਗੀ ਸਿੰਘ, ਪ੍ਰੋ: ਅਮਨਦੀਪ ਸਿੰਘ, ਸੰਜੂ ਕਾਠ, ਕਾਲਾ ਕੁਲਰੀਆਂ, ਸਿਕੰਦਰ ਸਿੰਘ ਜੈਲਦਾਰ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।
ਫੋਟੋ: ਬੀਬੀ ਬਾਦਲ ਸੰਸਥਾਵਾਂ ਨੂੰ ਮਾਸਕ ਭੇਂਟ ਕਰਦੇ ਹੋਏ।


author

Deepak Kumar

Content Editor

Related News