ਸਰਕਾਰ ਦੇ ਫੈਸਲੇ ਲੈਂਦੀ ਹੈ ਲਾਲਫੀਤਾਸ਼ਾਹੀ, ਸਰਕਾਰ ਤੇ ਲੋਕਾਂ ਵਿਚਕਾਰ ਵਧੀ ਦੂਰੀ

09/19/2019 3:23:00 PM

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ) : 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਦੇ 10 ਸਾਲਾ ਦੇ ਰਾਜ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਅੰਦਰ ਕੁਝ ਤਬਦੀਲੀ ਦੀ ਆਸ ਰੱਖਦੇ ਹੋਏ ਬਹੁਤ ਵੱਡਾ ਫਤਵਾ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਦਿੱਤਾ ਸੀ ਪਰ ਅਜਿਹਾ ਕੁੱਝ ਨਹੀਂ ਹੋਇਆ। ਕਿਉਂਕਿ ਅਫਸਰਸ਼ਾਹੀ, ਨਸ਼ਾ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਪਹਿਲਾਂ ਵਾਂਗ ਹੀ ਪੰਜਾਬ ਦੇ ਮਸਲੇ ਹਨ। ਇਹ ਸ਼ਬਦ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਹੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਸਲੇ ਤੋਂ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਜਿਉਂ ਦੀ ਤਿਉਂ ਹੈ। ਫਰਕ ਤਾਂ ਸਿਰਫ ਇੰਨਾ ਹੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ 'ਤੇ ਪਹਿਲਾਂ ਬਾਦਲ ਸਾਹਿਬ ਬੈਠੇ ਸਨ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ।

ਕਾਂਗਰਸ ਪ੍ਰਧਾਨ ਕਹਿੰਦੇ ਹਨ ਕਿ ਪੰਜਾਬ ਅੰਦਰ ਅਫਸਰਸ਼ਾਹੀ ਚਲਾ ਰਹੀ ਹੈ ਸਰਕਾਰ : ਪਰਮਿੰਦਰ ਸਿੰਘ ਢੀਂਡਸਾ
ਸਾਬਕਾ ਵਿੱਤ ਮੰਦਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਲੋਕਤੰਤਰ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਲਈ ਬਹੁਤਮਤ ਦਿੱਤਾ ਸੀ । ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਪੰਜਾਬ ਦੀ ਕਮਾਂਡ ਸੰਭਾਲੀ। ਇਕ ਚੁੱਣੀ ਹੋਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੋਈ ਉਨ੍ਹਾਂ ਦੇ ਮਸਲੇ ਹੱਲ ਕਰੇ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਤਾਂ ਇੰਝ ਲਗਦੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨਹੀਂ ਚਲਾ ਰਹੇ ਸਗੋਂ ਅਫਸਰ ਹੀ ਚਲਾ ਰਹੇ ਹਨ। ਅਫਸਰ ਲੋਕਾਂ ਦੇ ਨੁਮਾਇੰਦੇ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਲੋਕਾਂ ਦੇ ਦੁੱਖ-ਦਰਦ ਦਾ ਪਤਾ ਨਹੀਂ ਹੁੰਦਾ। ਕੈਪਟਨ ਅਮਰਿੰਦਰ ਸਿੰਘ ਤੱਕ ਲੋਕਾਂ ਦੀ ਕੀ ਮੰਤਰੀਆਂ, ਵਿਧਾਇਕਾਂ ਦੀ ਵੀ ਪਹੁੰਚ ਨਹੀਂ ਹੈ। ਜਦੋਂ ਅਜਿਹੇ ਹਾਲਤ ਹੋ ਜਾਣ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੀ ਇਹ ਗੱਲ ਕਹਿਣ ਲੱਗ ਜਾਣ ਕਿ ਪੰਜਾਬ ਅੰਦਰ ਅਫਸਰ ਭਾਰੂ ਹਨ ਤੇ ਉਹੋ ਸਰਕਾਰ ਚਲਾ ਰਹੇ ਹਨ, ਫਿਰ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਦਾ ਅਰਥ ਕੀ ਰਹਿ ਜਾਂਦਾ ਹੈ।

ਸਰਕਾਰ ਦੇ ਫੈਸਲੇ ਲੈਂਦੀ ਹੈ ਲਾਲਫੀਤਾਸ਼ਾਹੀ, ਲੋਕਾਂ ਤੇ ਸਰਕਾਰ ਵਿਚਕਾਰ ਵਧੀ ਦੂਰੀ : ਕਾ. ਸੁਖਵਿੰਦਰ ਸਿੰਘ ਸੇਖੋਂ
ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਣ ਕੇ ਭੇਜਿਆ ਸੀ ਕਿ ਕੋਈ ਚੰਗੇ ਫੈਸਲੇ ਲਵੇਗਾ ਪਰ ਪੰਜਾਬ ਸਰਕਾਰ ਦੇ ਫੈਸਲੇ ਤਾਂ ਲਾਲਫੀਤਾਸ਼ਾਹੀ ਲੈਂਦੀ ਹੈ। ਪੰਜਾਬ ਅੰਦਰ ਚੁਣੀ ਹੋਈ ਸਰਕਾਰ ਜੇਕਰ ਸਹੀ ਅਰਥਾਂ ਵਿਚ ਕੰਮ ਕਰਦੀ ਹੁੰਦੀ ਤਾਂ ਲੋਕ ਹਿਤਾਂ ਦੇ ਫੈਸਲੇ ਕਰਦੀ। ਜੇਕਰ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਨਬਜ਼ ਪਹਿਚਾਣਦੇ ਹੁੰਦੇ ਤਾਂ ਪੰਜਾਬ ਅੰਦਰ ਹਾਲਤ ਹੋਰ ਹੁੰਦੇ। ਲਾਲਫੀਤਾਸ਼ਾਹੀ ਤੋਂ ਲੋਕਾਂ ਨੂੰ ਇਨਸਾਫ ਮਿਲਣ ਦੀ ਆਸ ਨਹੀਂ, ਇਸੇ ਲਈ ਸਰਕਾਰ ਦੀ ਲੋਕਾਂ ਨਾਲੋਂ ਦੂਰੀ ਵਧ ਗਈ।


cherry

Content Editor

Related News