ਘਰ ’ਚ ਦਾਖਲ ਹੋ ਕੇ ਅੱਧੀ ਦਰਜਨ ਵਿਅਕਤੀਆਂ ਵਲੋਂ ਨੌਜਵਾਨ ਦੀ ਲਾਠੀਆਂ ਨਾਲ ਕੁੱਟ-ਮਾਰ
Thursday, Dec 27, 2018 - 01:28 AM (IST)
ਬੱਧਨੀ ਕਲਾਂ, (ਬੱਬੀ)- ਪਿੰਡ ਬੁੱਟਰ ਕਲਾਂ ਵਿਖੇ ਇਕ ਲਡ਼ਕੇ ਨੂੰ ਪੁਰਾਣੀ ਰੰਜਿਸ਼ ਕਾਰਨ ਉਸ ਦੇ ਘਰ ’ਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਮਾਮਲੇ ’ਚ ਪਿੰਡ ਬੁੱਟਰ ਕਲਾਂ ਦੇ ਹੀ ਅੱਧੀ ਦਰਜਨ ਵਿਅਕਤੀਆਂ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੁੱਲਰ ਪੱਤੀ ਬੁੱਟਰ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਕਥਿਤ ਦੋਸ਼ੀ ਰਾਤ 9.30 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਤੇ ਲਾਠੀਆਂ ਨਾਲ ਲੈਸ ਹੋ ਕੇ ਮੇਰੇ ਘਰ ਜਬਰੀ ਆ ਗਏ ਤੇ ਗਾਲੀ-ਗਲੋਚ ਕਰਨ ਲੱਗ ਪਏ, ਜਦੋਂ ਮੈਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਮੈਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਮੇਰੇ ਵੱਲੋਂ ਰੌਲਾ ਪਾਉਣ ’ਤੇ ਕਥਿਤ ਦੋਸ਼ੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਉਪਰੰਤ ਮੈਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਪਹੁੰਚਾਇਆ।
ਕਈ ਮਹੀਨੇ ਪਹਿਲਾਂ ਵੀ ਕੀਤੀ ਸੀ ਕੁੱਟ-ਮਾਰ
ਪੀਡ਼ਤ ਨੌਜਵਾਨ ਨੇ ਦੱਸਿਆ ਕਿ ਦੋਸ਼ੀਆਂ ’ਚੋਂ ਕੁਝ ਉਨ੍ਹਾਂ ਦੇ ਘਰ ਕੋਲ ਬੈਠ ਕੇ ਨਸ਼ਾ ਕਰਦੇ ਸਨ ਤੇ ਕਈ ਮਹੀਨੇ ਪਹਿਲਾਂ ਉਨ੍ਹਾਂ ਘਰੇ ਆ ਕੇ ਮੇਰੀ ਕੁੱਟ-ਮਾਰ ਕੀਤੀ ਸੀ ਪਰ ਕੁਝ ਮੋਹਤਬਰ ਵਿਅਕਤੀਆਂ ਨੇ ਸਾਡਾ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਹੁਣ ਫਿਰ ਇਸੇ ਰੰਜਿਸ਼ ਕਾਰਨ ਹੀ ਉਨ੍ਹਾਂ ਮੇਰੀ ਕੁੱਟ-ਮਾਰ ਕੀਤੀ ਹੈ।
6 ਖਿਲਾਫ ਮਾਮਲਾ ਦਰਜ
ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਨਿੱਕੀ ਪੁੱਤਰ ਜਸਮੇਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬੀਰਾ ਸਿੰਘ, ਲਵਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ, ਬੰਟੀ ਸਿੰਘ ਪੁੱਤਰ ਭਾਗ ਸਿੰਘ , ਜੱਸੀ ਸਿੰਘ ਪੁੱਤਰ ਲੁੱਧਰ ਸਿੰਘ, ਗਗਨਦੀਪ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਬੁੱਟਰ ਕਲਾਂ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਰਵੀਪਾਲ ਸਿੰਘ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।
