ਮਾਮਲਾ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਔਰਤਾਂ ਲਿਆਉਣ ਦਾ, 2 ਔਰਤਾਂ ਗ੍ਰਿਫ਼ਤਾਰ
Thursday, Jun 24, 2021 - 10:20 AM (IST)
ਜੈਤੋ (ਪਰਾਸ਼ਰ, ਗੁਰਮੀਤਪਾਲ): ਡੀ. ਐੱਸ. ਪੀ. ਜੈਤੋ ਪਰਮਿੰਦਰ ਸਿੰਘ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਦੇ ਇਤਿਹਾਸਕ ਗੁਰੂਦੁਆਰਾ ਦੇ ਖੂਹ ਵਿਚੋਂ ਸ਼ਰਾਬ, ਬੀਅਰ ਦੀਆਂ ਬੋਤਲਾਂ, ਹੱਡੀਆਂ ਦੇ ਟੁਕੜੇ ਆਦਿ ਹੋਰ ਇਤਰਾਜ਼ਯੋਗ ਸਾਮਾਨ ਸਮੇਤ ਕਈ ਇਤਰਾਜ਼ਯੋਗ ਚੀਜ਼ਾਂ ਮਿਲਣ ਕਾਰਨ ਗੁਰਦੁਆਰਾ ਸਾਹਿਬ ਦੇ ਦੋ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਨੂੰ ਹੁਣ ਜੇਲ੍ਹ ਭੇਜ ਦਿੱਤਾ ਗਿਆ ਹੈ।ਡੀ. ਐੱਸ. ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਮੰਦਰ ਸਿੰਘ ਅਤੇ ਗੁਰਬਾਜ਼ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 298 ਅਤੇ 120-ਏ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਾਰਾ 295-ਏ ਲਈ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲੈਣੀ ਪਏਗੀ। ਪ੍ਰਵਾਨਗੀ ਮਿਲਦਿਆਂ ਹੀ ਇਸ ਧਾਰਾ ਤਹਿਤ ਚਲਾਨ ਪੇਸ਼ ਕੀਤਾ ਜਾਵੇਗਾ।
ਡੀ. ਐੱਸ. ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜੈਤੋ ਦੇ ਉਪਰੋਕਤ ਕਰਮਚਾਰੀ ਰਾਤ ਨੂੰ ਔਰਤਾਂ ਨੂੰ ਗੁਰਦੁਆਰੇ ਵਿਚ ਲਿਆਉਂਦੇ ਸਨ। ਜੋ ਔਰਤਾਂ ਲਿਆਂਦੀਆਂ ਗਈਆਂ ਸਨ ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਡੀ. ਐੱਸ. ਪੀ. ਨੇ ਕਿਹਾ ਕਿ ਇਹ ਔਰਤ ਦੇ ਸ਼ੋਸ਼ਣ ਦਾ ਮਾਮਲਾ ਨਹੀਂ ਹੈ ਕਿਉਂਕਿ ਸੁਖਮੰਦਰ ਸਿੰਘ ਪਿਛਲੇ ਹਰ 5-6 ਸਾਲਾਂ ਤੋਂ ਹਰਦੀਪ ਕੌਰ ਨਾਲ ਸਬੰਧ ਬਣਾ ਰਿਹਾ ਸੀ। ਜਿਸ ਕਾਰ ਵਿਚ ਔਰਤਾਂ ਨੂੰ ਲਿਆਂਦਾ ਗਿਆ ਸੀ, ਉਹ ਵੀ ਬਰਾਮਦ ਕਰ ਲਈ ਗਈ ਹੈ ਅਤੇ ਜਿੱਥੋਂ ਇਤਰਾਜ਼ਯੋਗ ਸਾਮਾਨ ਲਿਆਂਦਾ ਜਾ ਰਿਹਾ ਸੀ, ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਉਪਰੋਕਤ ਦੋਵਾਂ ਵਿਅਕਤੀਆਂ ਦੇ ਡੀ. ਐੱਨ. ਏ. ਟੈਸਟ ਪੂਰੇ ਹੋ ਚੁੱਕੇ ਹਨ। ਡੀ. ਐੱਸ.ਪੀ. ਪਰਮਿੰਦਰ ਸਿੰਘ ਨੇ ਕਿਹਾ ਕਿ ਇਤਰਾਜ਼ ਯੋਗ ਸਾਮਾਨ ਦੀ ਐੱਫ.ਐੱਸ . ਐੱਲ. ਰਿਪੋਰਟ ਹਾਸਲ ਕੀਤੀ ਜਾ ਚੁੱਕੀ ਹੈ।