ਸਮੂਹ ਪੱਲੇਦਾਰ ਯੂਨੀਅਨਾਂ ਨੇ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ

02/23/2018 3:27:33 PM


ਫਾਜ਼ਿਲਕਾ (ਨਾਗਪਾਲ, ਲੀਲਾਧਰ) - ਸਮੂਹ ਪੱਲੇਦਾਰ ਯੂਨੀਅਨਾਂ ਜ਼ਿਲਾ ਫਾਜ਼ਿਲਕਾ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਪਿਆਰਾ ਸਿੰਘ ਫਾਜ਼ਿਲਕਾ, ਸਵਰਣ ਸਿੰਘ ਅਬੋਹਰ, ਮਹਿੰਦਰ ਸਿੰਘ ਜਲਾਲਾਬਾਦ, ਗੁਰਬਖਸ਼ ਸਿੰਘ ਜਲਾਲਾਬਾਦ, ਬਲਵੰਤ ਸਿੰਘ ਫਾਜ਼ਿਲਕਾ ਨੇ ਕੀਤੀ। 
ਇਸ ਤੋਂ ਪਹਿਲਾਂ ਸਥਾਨਕ ਫੂਡ ਸਪਲਾਈ ਵਿਭਾਗ ਦੇ ਦਫ਼ਤਰ 'ਚ ਇਕੱਠੇ ਹੋਏ ਯੂਨੀਅਨਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਪ੍ਰਧਾਨ ਬਖ਼ਤਾਵਰ ਸਿੰਘ ਘੜੁੰਮੀ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ ਅਤੇ ਨਵੀਂ ਪਾਲਿਸੀ ਮੁਤਾਬਕ ਮਜ਼ਦੂਰਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਪੱਲੇਦਾਰ ਵੱਖ-ਵੱਖ ਏਜੰਸੀਆਂ ਵਿਚ ਬੀਤੇ ਲੱਗਭਗ 30-35 ਵਰ੍ਹਿਆਂ ਤੋਂ ਕੰਮ ਕਰਦੇ ਆ ਰਹੇ ਹਨ। 9 ਸਤੰਬਰ 2016 ਨੂੰ ਸੰਗਰੂਰ ਵਿਚ ਮੌਜੂਦਾ ਮੁੱਖ ਮੰਤਰੀ ਨੇ ਪੱਲੇਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ 'ਤੇ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਏਜੰਸੀਆਂ ਵਿਚੋਂ ਪੱਲੇਦਾਰਾਂ, ਮਜ਼ਦੂਰਾਂ ਨੂੰ ਸਿੱਧੀ ਪੇਮੈਂਟ ਕੀਤੀ ਜਾਵੇਗੀ। ਸਰਕਾਰ ਨੂੰ ਬਣੇ ਲੱਗਭਗ ਇਕ ਸਾਲ ਦਾ ਸਮਾਂ ਹੋ ਗਿਆ ਹੈ ਪਰ ਮਜ਼ਦੂਰ ਵਿਰੋਧੀ ਪਾਲਿਸੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਨੂੰ ਪੱਲੇਦਾਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਤੋਂ ਬਾਅਦ ਸਮੂਹ ਪੱਲੇਦਾਰਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੈਲੀ ਕੱਢੀ, ਜੋ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪਹੁੰਚੀ, ਜਿੱਥੇ ਪੱਲੇਦਾਰਾਂ ਨੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।


Related News