ਸਹੁਰੇ ਘਰੋਂ ਪ੍ਰੇਸ਼ਾਨ ਹੋ ਕੇ ਆਇਆ ਨੌਜਵਾਨ, ਪਹਿਲਾਂ ਬਣਾਈ ਵੀਡੀਓ ਤੇ ਫ਼ਿਰ ਚੁੱਕ ਲਿਆ ਖ਼ੌਫ਼ਨਾਕ ਕਦਮ
Monday, Feb 10, 2025 - 07:37 PM (IST)
![ਸਹੁਰੇ ਘਰੋਂ ਪ੍ਰੇਸ਼ਾਨ ਹੋ ਕੇ ਆਇਆ ਨੌਜਵਾਨ, ਪਹਿਲਾਂ ਬਣਾਈ ਵੀਡੀਓ ਤੇ ਫ਼ਿਰ ਚੁੱਕ ਲਿਆ ਖ਼ੌਫ਼ਨਾਕ ਕਦਮ](https://static.jagbani.com/multimedia/19_33_0382043432.jpg)
ਬਟਾਲਾ (ਬੇਰੀ)- ਬਟਾਲਾ ਦੇ ਹਰਨਾਮ ਨਗਰ ’ਚ ਇਕ ਵਿਅਕਤੀ ਵੱਲੋਂ ਆਪਣੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਵਿਅਕਤੀ ਨੇ ਆਪਣੇ ਮੋਬਾਈਲ ਫੋਨ ’ਤੇ ਇਕ ਵੀਡੀਓ ਵੀ ਬਣਾਈ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ, ਸੱਸ ਅਤੇ ਸਾਲੇ ਨੂੰ ਠਹਿਰਾਇਆ ਹੈ। ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਘਟਨਾ ਸਥਲ ’ਤੇ ਪਹੁੰਚ ਕੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਸੁਰਿੰਦਰ ਸਿੰਘ ਦੇ ਪਿਤਾ ਜਗਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਰਨਾਮ ਨਗਰ, ਮਸੀਤ ਵਾਲੀ ਗਲੀ, ਬਟਾਲਾ ਨੇ ਦੱਸਿਆ ਕਿ ਉਸ ਦੇ ਲੜਕੇ ਸੁਰਿੰਦਰ ਸਿੰਘ ਦਾ ਵਿਆਹ ਨੀਤੂ ਵਾਸੀ ਬਟਾਲਾ ਦੇ ਨਾਲ 6 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਇਕ ਲੜਕੀ ਵੀ ਹੈ।
ਇਹ ਵੀ ਪੜ੍ਹੋ- ਦਵਾਈ ਲੈਣ ਜਾਂਦੇ ਬੰਦੇ ਦੀ ਰਸਤੇ 'ਚ ਹੀ ਤੜਫ਼-ਤੜਫ਼ ਨਿਕਲੀ ਜਾਨ, ਨਹੀਂ ਦੇਖ ਹੁੰਦਾ ਧਾਹਾਂ ਮਾਰ ਰੋਂਦਾ ਪਰਿਵਾਰ
ਉਸਨੇ ਦੱਸਿਆ ਕਿ ਉਸਦੀ ਨੂੰਹ ਸੁਰਿੰਦਰ ਸਿੰਘ ਦੇ ਨਾਲ ਅਕਸਰ ਝਗੜਾ ਕਰਦੀ ਰਹਿੰਦੀ ਸੀ ਅਤੇ ਉਹ ਪਿਛਲੇ 8 ਮਹੀਨੇ ਤੋਂ ਆਪਣੇ ਪੇਕੇ ਘਰ ’ਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਮਿਤੀ 9 ਫਰਵਰੀ ਨੂੰ ਉਸ ਦਾ ਲੜਕਾ ਸੁਰਿੰਦਰ ਸਿੰਘ ਆਪਣੀ ਪਤਨੀ ਅਤੇ ਬੇਟੀ ਨੂੰ ਲੈਣ ਲਈ ਆਪਣੇ ਸਹੁਰੇ ਗਿਆ ਸੀ।
ਉਨ੍ਹਾਂ ਕਿਹਾ ਕਿ ਸ਼ਾਮ ਨੂੰ ਜਦ ਸੁਰਿੰਦਰ ਸਿੰਘ ਘਰ ਆਇਆ ਤਾਂ ਉਹ ਕਾਫੀ ਪ੍ਰੇਸ਼ਾਨ ਸੀ ਅਤੇ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੀਤੂ, ਸੱਸ ਪਰਮਜੀਤ ਕੌਰ ਅਤੇ ਸਾਲੇ ਰਾਹੁਲ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਹੈ। ਇਸ ਤੋਂ ਬਾਅਦ ਸੁਰਿੰਦਰ ਸਿੰਘ ਆਪਣੇ ਕਮਰੇ ’ਚ ਸੌਣ ਲਈ ਚਲਾ ਗਿਆ। ਜਗਜੀਤ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਜਦ ਉਹ ਆਪਣੇ ਲੜਕੇ ਦੇ ਕਮਰੇ ’ਚ ਗਏ ਤਾਂ ਪੱਖਾ ਚੱਲ ਰਿਹਾ ਸੀ ਅਤੇ ਦਰਵਾਜ਼ਾ ਖੁੱਲ੍ਹਾ ਸੀ। ਉਨ੍ਹਾਂ ਜਦ ਸੁਰਿੰਦਰ ਸਿੰਘ ਨੂੰ ਆਵਾਜ਼ ਦਿੱਤੀ ਤਾਂ ਉਹ ਨਹੀਂ ਉਠਿਆ।
ਉਨ੍ਹਾਂ ਸੁਰਿੰਦਰ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਸੁਰਿੰਦਰ ਸਿੰਘ ਦੇ ਫੋਨ ਤੋਂ ਇਕ ਵੀਡੀਓ ਮਿਲੀ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ, ਸੱਸ ਅਤੇ ਸਾਲੇ ਨੂੰ ਠਹਿਰਾਇਆ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਸੁਰਿੰਦਰ ਸਿੰਘ ਨੇ ਆਪਣੇ ਸਹੁਰਿਆਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।
ਦੂਜੇ ਪਾਸੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਵਿਅਕਤੀ ਦੇ ਪਿਤਾ ਜਗਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੁਰਿੰਦਰ ਸਿੰਘ ਦੀ ਪਤਨੀ, ਸੱਸ ਅਤੇ ਸਾਲੇ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e