ਸਰਕਾਰ ਦੀ ਸਖਤੀ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਲਈ ਬਜ਼ਿੱਦ

10/16/2018 12:36:07 PM

ਸ਼ੇਰਪੁਰ(ਅਨੀਸ਼)— ਸਰਕਾਰ ਦੀ ਸਖਤੀ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਲਈ ਉਤਾਰੂ ਹੋ ਰਹੇ ਹਨ। ਕਿਸਾਨ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਕਾਰਗਰ ਬਦਲ ਨਾ ਹੋਣ ਦੀ ਦੁਹਾਈ ਦੇ ਕੇ ਪਰਾਲੀ ਸਾੜਨ ਨੂੰ ਜਾਇਜ਼ ਠਹਿਰਾਉਣ 'ਚ ਲੱਗੇ ਹੋਏ ਹਨ ਪਰ ਕਿਸਾਨਾਂ ਨੂੰ ਇਹ ਪਤਾ ਹੋਣਾ ਚਾਹੀਦੈ ਕਿ ਪਰਾਲੀ ਸਾੜਨ ਨਾਲ ਖੁਦ ਉਨ੍ਹਾਂ ਨੂੰ ਹੀ ਅਸਿੱਧੇ ਰੂਪ ਨਾਲ ਇਸਦਾ ਆਰਥਕ ਨੁਕਸਾਨ ਝੱਲਣਾ ਪੈਂਦਾ ਹੈ। ਕਿਸਾਨਾਂ ਵੱਲੋਂ ਪਰਾਲੀ ਸਾੜਨ ਨਾਲ ਇੰਨੀ ਮਾਤਰਾ ਵਿਚ ਧੂੰਆਂ ਨਿਕਲਦਾ ਹੈ ਕਿ ਪੂਰਾ ਆਸਮਾਨ ਹੀ ਢਕਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰੋਕਣ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆਏ ਸਨ, ਜਿਸ ਕਾਰਨ ਕਈ ਦਿਨਾਂ ਤੱਕ ਆਸਮਾਨ 'ਚ ਧੁੰਦ ਦੀ ਚਾਦਰ ਛਾਈ ਰਹੀ। ਇਸ ਧੁੰਦ ਨਾਲ ਪੂਰੇ ਜ਼ਿਲੇ ਦਾ ਜਨ ਜੀਵਨ ਅਸਤ-ਵਿਅਸਤ ਰਿਹਾ ਸੀ। ਕਿਸਾਨਾਂ ਨੂੰ ਪਰਾਲੀ ਸਾੜਨ ਦੇ ਤੱਤਕਾਲੀ ਆਰਥਕ ਫਾਇਦੇ ਤਾਂ ਵਿਖਾਈ ਦਿੰਦੇ ਹਨ ਪਰ ਆਉਣ ਵਾਲੇ ਸਮੇਂ ਵਿਚ ਆਰਥਕ ਹਾਨੀ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਰਹੇ ਹਨ ਕਿਉਂÎਕਿ ਇਸਦੇ ਸਾੜਨ ਨਾਲ ਮੁਨਾਫੇ ਤੋਂ ਕਿਤੇ ਜ਼ਿਆਦਾ ਨੁਕਸਾਨ ਖੁਦ ਕਿਸਾਨ ਨੂੰ ਹੀ ਝੱਲਣਾ ਪੈਂਦਾ ਹੈ। ਵਾਤਾਵਰਣ ਮਾਹਰਾਂ ਦੀ ਮੰਨੀਏ ਤਾਂ ਪਰਾਲੀ ਨਾਲ ਹੋਣ ਵਾਲੇ ਧੂੰਏਂ 'ਚ ਕਈ ਹਾਨੀਕਾਰਕ ਗੈਸਾਂ ਹੋਣ ਕਾਰਨ ਵਾਤਾਵਰਣ 'ਚ ਆਕਸੀਜ਼ਨ ਦੀ ਕਮੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਕਾਰਬਨ ਹਾਈਡ੍ਰੋਆਕਸਾਈਡ ਅਤੇ ਹੋਰ ਖਤਰਨਾਕ ਗੈਸ ਦੀ ਮਾਤਰਾ ਵਧ ਜਾਂਦੀ ਹੈ। ਇਸ ਗੈਸ ਨਾਲ ਪੂਰੇ ਕਿਸਾਨ ਪਰਿਵਾਰ ਦੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਗੰਭੀਰ ਬੀਮਾਰੀਆਂ ਦੀ ਲਪੇਟ 'ਚ ਆਉਣ ਨਾਲ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਹਾਨੀਕਾਰਕ ਧੂੰਏਂ ਦਾ ਮਾੜਾ ਪ੍ਰਭਾਵ ਇੰਨਾ ਹੌਲੀ-ਹੌਲੀ ਸਿਹਤ 'ਤੇ ਪੈਂਦਾ ਹੈ ਕਿ ਆਮ ਲੋਕਾਂ ਨੂੰ ਲੱਗਦਾ ਹੈ ਕਿ ਇਹ ਬੀਮਾਰੀ ਕਿਸੇ  ਹੋਰ ਕਾਰਨ ਹੋਈ ਹੈ। ਧੂੰਏਂ ਦੇ ਮਾੜੇ ਪ੍ਰਭਾਵ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕਦੇ-ਕਦੇ ਤਾਂ ਇਸ ਧੂੰਏਂ ਕਾਰਨ ਮੌਤ ਵੀ ਹੋ ਜਾਂਦੀ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਸਹੀ ਕਾਰਨ ਨੂੰ ਸਮਝ ਨਹੀਂ ਸਕਦੇ। ਵਾਤਾਵਰਣ 'ਚ ਧੂੰਏਂ ਦੀ ਮਾਤਰਾ ਵਧਣ ਨਾਲ ਸਿਰਫ ਮਨੁੱਖ 'ਤੇ ਹੀ ਬੁਰਾ ਅਸਰ ਨਹੀਂ ਪੈਂਦਾ, ਸਗੋਂ  ਜੀਵ-ਜੰਤੂਆਂ ਨੂੰ ਵੀ ਮਾੜੇ ਨਤੀਜੇ ਝੱਲਣੇ ਪੈਂਦੇ ਹਨ ਅਤੇ ਕਈ ਜੀਵ-ਜੰਤੂ ਬੀਮਾਰੀ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਤਰ੍ਹਾਂ ਕਿਸਾਨ ਤੁਰੰਤ ਫਾਇਦੇ ਦੇ ਚੱਕਰ 'ਚ ਪਰਾਲੀ ਸਾੜ ਕੇ ਖੁਦ ਆਪਣੀ ਜ਼ਿੰਦਗੀ ਨੂੰ ਧੂੰਏਂ 'ਚ ਉਡਾ ਰਹੇ ਹਨ।

ਕੋਰਟ ਨੇ ਵੀ ਜਾਰੀ ਕਰ ਦਿੱਤੇ ਹਨ ਨਿਰਦੇਸ਼—
ਪਿਛਲੇ ਸਾਲ ਕੋਰਟ ਨੇ ਇਕ ਆਦੇਸ਼ ਵਿਚ ਸਾਫ ਤੌਰ 'ਤੇ ਸੂਬਾ ਸਰਕਾਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ 'ਤੇ ਜਲਦ ਤੋਂ ਜਲਦ ਰੋਕ ਲਾਈ ਜਾਵੇ। ਉਦੋਂ ਤੋਂ ਹੀ ਸਬੰਧਤ ਸੂਬਾ ਸਰਕਾਰਾਂ ਹਰਕਤ ਵਿਚ ਆਈਆਂ ਅਤੇ ਕਿਸਾਨਾਂ ਵੱਲੋਂ ਪਰਾਲੀ ਸਾੜਨ 'ਤੇ ਸਖ਼ਤ ਰੂਪ ਅਖਤਿਆਰ ਕੀਤਾ। ਇਸ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਵੀ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਸਖ਼ਤ ਨਜ਼ਰ ਰੱਖੀ ਹੋਈ ਹੈ ਤਾਂ ਜੋ ਕੋਈ ਕਿਸਾਨ ਪਰਾਲੀ ਨਾ ਸਾੜ ਸਕੇ।

ਬੱਚੇ ਤੇ ਬਜ਼ੁਰਗ ਹੁੰਦੇ ਨੇ ਸਭ ਤੋਂ ਵੱਧ ਪ੍ਰਭਾਵਿਤ—
ਪਰਾਲੀ ਨੂੰ ਸਾੜਨ ਕਾਰਨ ਸਭ ਤੋਂ ਜ਼ਿਆਦਾ ਬੱਚੇ ਅਤੇ ਬੁੱਢੇ  ਪ੍ਰਭਾਵਿਤ ਹੁੰਦੇ ਹਨ ਕਿਉਂÎਕਿ ਵਾਤਾਵਰਣ ਵਿਚ ਆਕਸੀਜਨ ਦੀ ਘਾਟ ਹੋਣ ਨਾਲ ਇਨ੍ਹਾਂ ਨੂੰ ਲੋੜੀਂਦੀ ਮਾਤਰਾ ਵਿਚ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਸਾਹ ਦੇ ਨਾਲ ਪੀੜਤ ਦਾ ਬੀਮਾਰੀਆਂ ਦੀ ਲਪੇਟ ਵਿਚ ਆ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਥੇ ਹੀ ਸਭ ਤੋਂ ਵੱਧ ਪ੍ਰੇਸ਼ਾਨੀ ਦਮੇ ਨਾਲ ਪੀੜਤ ਬੱਚਿਆਂ ਨੂੰ ਹੁੰਦੀ ਹੈ ਕਿਉਂਕਿ ਸਾਹ ਫੁੱਲਣ ਦੀ ਸਮੱਸਿਆ ਵਿਚ ਤੇਜ਼ੀ ਆ ਜਾਂਦੀ ਹੈ।

ਏਅਰ ਕੁਆਲਿਟੀ ਇੰਡੈਕਸ ਵਿਗੜਦੈ—
ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਬਹੁਤ ਤੇਜ਼ੀ ਨਾਲ ਏਅਰ ਕੁਆਲਿਟੀ ਇੰਡੈਕਸ ਦਾ ਮਾਪਦੰਡ ਵਿਗੜਦਾ ਹੈ। ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਕੁਆਲਿਟੀ ਇੰਡੈਕਸ ਵਿਗੜਨ ਨਾਲ ਇਸ ਦਾ ਸਿੱਧਾ ਅਸਰ ਮਨੁੱਖ ਦੀ ਸਿਹਤ 'ਤੇ ਪੈਂਦਾ ਹੈ, ਜਿਸ ਕਾਰਨ ਉਹ ਕਈ ਮਾਰੂ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ।

ਏ. ਕਿਊ. ਆਈ. ਵੱਧਣ ਨਾਲ ਸਿਹਤ 'ਤੇ ਪੈਂਦਾ ਮਾੜਾ ਪ੍ਰਭਾਵ—
ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ) ਦਾ ਪੱਧਰ ਜਿੰਨੀ ਤੇਜ਼ੀ ਨਾਲ ਵਧਦਾ ਹੈ, ਓਨੀ ਹੀ ਤੇਜ਼ੀ ਨਾਲ ਇਸ ਦਾ ਸਰੀਰ 'ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਇਕ ਸਿਹਤਮੰਦ ਵਿਅਕਤੀ ਵੀ ਇਸਦੀ ਲਪੇਟ 'ਚ ਬੁਰੀ ਤਰ੍ਹਾਂ ਆ ਜਾਂਦਾ ਹੈ।

ਲੈਵਲ ਏ. ਕਿਊ. ਆਈ. ਸੰਭਾਵਿਤ ਸਿਹਤ 'ਤੇ ਪ੍ਰਭਾਵ—

ਨਾਰਮਲ 00-50 ਸਿਹਤ 'ਤੇ ਸਾਧਾਰਨ ਅਸਰ ਪਾਉਂਦਾ ਹੈ।
ਸੰਤੋਸ਼ਜਨਕ 51-50 ਸੰਵੇਦਨਸ਼ੀਲ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। 
ਮੱਧ ਅਵਸਥਾ 101- 200    ਫੇਫੜੇ, ਅਸਥਮਾ ਤੇ ਦਿਲ ਰੋਗ ਵਾਲੇ ਲੋਕਾਂ ਨੂੰ ਸਾਹ ਲੈਣ 'ਚ ਅਸੁਵਿਧਾ।
ਖਰਾਬ 201-300 ਨਾਰਮਲ ਲੋਕ ਵੀ ਪ੍ਰਭਾਵਿਤ ਹੋਣ ਲੱਗਦੇ ਹਨ।
ਜ਼ਿਆਦਾ ਖਰਾਬ 300-400 ਸਾਹ ਦੀ ਬੀਮਾਰੀ ਵਿਚ ਵਾਧਾ।
ਖਤਰਨਾਕ ਅਵਸਥਾ 401-500 ਸਿਹਤਮੰਦ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬੀਮਾਰੀ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ।

ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾਂ ਆਪਣੇ ਪੱਧਰ 'ਤੇ ਪਰਾਲੀ ਸਾਂਭਣ ਦਾ ਪ੍ਰਬੰਧ ਕਰੇ  ਸਰਕਾਰ : ਆਗੂ
ਇਸ ਸਬੰਧੀ ਪਬਲਿਕ ਹਿੱਤ ਵਿਚ ਕੰਮ ਕਰਦੀ ਸੰਸਥਾ ਪਬਲਿਕ ਹੈਲਪਲਾਈਨ ਦੇ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ, ਐਡਵੋਕੇਟ ਸੋਨੀ ਗਰਗ, ਹਰਬੰਸ ਸਿੰਘ ਸਲੇਮਪੁਰ ਅਤੇ ਗੁਰਜੀਤ ਸਿੰਘ ਈਸਾਪੁਰ ਲੰਡਾਂ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਨਾਲ ਵਾਤਾਵਰਣ 'ਤੇ ਬੁਰਾ ਅਸਰ ਪੈਂਦਾ ਹੈ ਪਰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਮੌਕੇ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਕਿਉਂਕਿ ਕਿਸਾਨ ਕੋਲ ਪਰਾਲੀ ਨੂੰ ਸਾੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾਂ ਆਪਣੇ ਪੱਧਰ 'ਤੇ ਪਰਾਲੀ ਸਾਂਭਣ ਦਾ ਪ੍ਰਬੰਧ ਕਰੇ।

PunjabKesari


Related News