ਜਹਾਜ਼ ਹਾਦਸੇ ਟਾਲਣ ਲਈ ਸੁਰੱਖਿਆ ਮਾਪਦੰਡ ਹੋਰ ਸਖਤੀ ਨਾਲ ਲਾਗੂ ਕਰਨ ਦੀ ਲੋੜ

05/19/2024 4:03:10 AM

ਦੁਨੀਆ ਭਰ ਦੇ ਲੋਕਾਂ ’ਚ ਜਹਾਜ਼ ਯਾਤਰਾਵਾਂ ਦਾ ਰੁਝਾਨ ਵਧ ਰਿਹਾ ਹੈ। ਹੁਣ ਪਹਿਲਾਂ ਤੋਂ ਕਿਤੇ ਵੱਧ ਭਾਰਤੀ ਲੋਕ ਵੀ ਦੇਸ਼ ਦੇ ਅੰਦਰ ਜਾਂ ਬਾਹਰ ਦੀ  ਹਵਾਈ ਯਾਤਰਾ ਨੂੰ ਪਹਿਲ ਦੇ ਰਹੇ ਹਨ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਹੀ 9.7 ਕਰੋੜ ਭਾਰਤੀ ਯਾਤਰੀਆਂ ਨੇ ਹਵਾਈ  ਜਹਾਜ਼ ਯਾਤਰਾ ਕੀਤੀ।
ਰਿਪੋਰਟ ਅਨੁਸਾਰ ਘਰੇਲੂ ਹਵਾਈ ਯਾਤਰੀ ਆਵਾਜਾਈ 2019  ਦੀ  ਤੁਲਨਾ ’ਚ 21 ਫੀਸਦੀ ਅਤੇ ਕੌਮਾਂਤਰੀ ਯਾਤਰਾ ’ਚ 4 ਫੀਸਦੀ ਦਾ ਵਾਧਾ ਹੋਇਆ ਪਰ ਇਸ ਦੇ  ਨਾਲ ਹੀ ਦੇਸ਼-ਵਿਦੇਸ਼ ’ਚ ਜਹਾਜ਼ਾਂ ਦੀ  ਆਵਾਜਾਈ ਦੌਰਾਨ ਕਿਸੇ ਵੱਡੀ ਘਟਨਾ ਦੀ ਚਿਤਾਵਨੀ ਦਿੰਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵੀ ਲਗਾਤਾਰ ਹੋ ਰਹੀਆਂ ਹਨ ਜਿਨ੍ਹਾਂ ’ਚੋਂ  ਇਸੇ ਸਾਲ 2024 ਦੀਆਂ ਚੰਦ ਘਟਨਾਵਾਂ ਹੇਠਾਂ ਦਰਜ ਹਨ :
* 1 ਅਪ੍ਰੈਲ, 2024 ਨੂੰ  ਜਰਮਨੀ ਦੇ ਫ੍ਰੈਂਕਫਰਟ ਹਵਾਈ ਅੱਡੇ ਤੋਂ ਅਮਰੀਕਾ ਦੇ ਸਾਨ-ਫਰਾਂਸਿਸਕੋ ਲਈ ਰਵਾਨਾ ਹੋਏ   ‘ਬੋਇੰਗ’ ਜਹਾਜ਼ ਦੀ  ਇਕ ਟਾਇਲਟ  ਖਰਾਬ ਹੋਣ ਕਾਰਨ ਓਵਰਫਲੋ ਹੋਣ ਲੱਗਾ। ਗੰਦਗੀ ਕੈਬਿਨ ਦੇ ਅੰਦਰ ਆ ਜਾਣ ਨਾਲ ਸਥਿਤੀ ਬੇਹੱਦ ਖਰਾਬ ਹੋ ਗਈ ਅਤੇ ਅਸਹਿਣਯੋਗ ਬਦਬੂ ਆਉਣ ਲੱਗੀ ਜਿਸ ਕਾਰਨ ਜਹਾਜ਼ ਨੂੰ ਵਾਪਸ ਫ੍ਰੈਂਕਫਰਟ ਹਵਾਈ ਅੱਡੇ ’ਤੇ ਉਤਾਰਿਆ ਗਿਆ।
*  14 ਅਪ੍ਰੈਲ ਨੂੰ ਕੋਲਕਾਤਾ ਤੋਂ ਪਟਨਾ ਪਹੁੰਚੇ ‘ਇੰਡੀਗੋ’ ਦੇ ਜਹਾਜ਼ ਦੇ ਖੱਬੇ ਇੰਜਣ  ’ਚੋਂ ਈਂਧਨ ਰਿਸਣ ਲੱਗਾ। ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਾ ਮਿਲਣ  ਕਾਰਨ ਜਹਾਜ਼ ਨੂੰ  ਇਕ ਪਾਸੇ (ਗ੍ਰਾਊਂਡਿਡ) ਕਰ ਦਿੱਤਾ ਗਿਆ। ਇਸ ਜਹਾਜ਼ ਨੇ  181  ਯਾਤਰੀਆਂ ਨਾਲ  ਵਾਪਸ  ਕੋਲਕਾਤਾ ਲਈ ਉਡਾਣ ਭਰਨੀ ਸੀ।
* 15 ਅਪ੍ਰੈਲ ਨੂੰ ਅਯੁੱਧਿਆ  ਤੋਂ ਦਿੱਲੀ ਜਾ ਰਹੇ ‘ਇੰਡੀਗੋ’ ਜਹਾਜ਼ ਦੇ ਯਾਤਰੀਆਂ ਦੀ ਜਾਨ ਸੰਕਟ ’ਚ ਆ ਗਈ। ਖਰਾਬ  ਮੌਸਮ ਕਾਰਨ  ਆਖਰੀ ਸਮੇਂ ’ਤੇ ਦਿੱਲੀ ਦੀ ਥਾਂ ਚੰਡੀਗੜ੍ਹ ਡਾਇਵਰਟ  ਕੀਤੇ ਗਏ ਜਹਾਜ਼ ’ਚ ਚੰਡੀਗੜ੍ਹ ’ਚ ਉਤਰਣ ਸਮੇਂ ਸਿਰਫ 2 ਮਿੰਟ ਉਡਾਣ ਭਰਨ ਜੋਗਾ ਹੀ ਈਂਧਨ ਬਚਿਆ ਸੀ ਅਤੇ ਜੇ  ਲੈਂਡਿੰਗ ’ਚ ਜ਼ਰਾ ਜਿੰਨੀ ਵੀ ਦੇਰ ਹੋ ਜਾਂਦੀ ਤਾਂ ਕੀ ਹੁੰਦਾ, ਇਸ ਦਾ ਅੰਦਾਜ਼ਾ ਲਾਉਣਾ  ਮੁਸ਼ਕਿਲ ਨਹੀਂ।
* 27 ਅਪ੍ਰੈਲ ਨੂੰ 170 ਯਾਤਰੀਆਂ ਨੂੰ ਲੈ ਕੇ ਨਵੀਂ ਦਿੱਲੀ ਤੋਂ  ਅਹਿਮਦਾਬਾਦ ਜਾ ਰਹੇ ‘ਇੰਡੀਗੋ’ ਦੇ ਇਕ ਜਹਾਜ਼ ਦੇ ਲੈਂਡਿੰਗ ਗੀਅਰ ’ਚ ਖਰਾਬੀ ਆ ਜਾਣ  ਕਾਰਨ ਉਸ ਨੂੰ ਵਾਪਸ  ਦਿੱਲੀ ਹਵਾਈ ਅੱਡੇ ’ਤੇ ਉਤਾਰਨਾ ਪਿਆ। ਇਸ ਸਾਲ ਦੇ ਸ਼ੁਰੂ ’ਚ ਵੀ  ਜੈਪੁਰ ਤੋਂ ਕੋਲਕਾਤਾ ਲਈ ਉਡਾਣ ਭਰਨ ਵਾਲੇ ‘ਇੰਡੀਗੋ’ ਦੇ ਇਕ ਜਹਾਜ਼ ਦਾ ਉਡਾਣ ਦੌਰਾਨ  ਇੰਜਣ ਫੇਲ ਹੋ ਜਾਣ ਕਾਰਨ ਉਸ ਨੂੰ ਜੈਪੁਰ  ਪਰਤਣਾ ਪਿਆ ਸੀ।
* 8 ਮਈ ਨੂੰ ਇਸਤਾਂਬੁਲ  ਲਾਜਿਸਟਿਕ ਕੰਪਨੀ ‘ਫੈਡਾ ਐਕਸ’ ਦਾ ਪੈਰਿਸ ਤੋਂ ਸਾਮਾਨ ਲੈ ਕੇ ਜਾਣ ਵਾਲਾ ਜਹਾਜ਼ ਤੁਰਕੀ ਦੇ ਇਸਤਾਂਬੁਲ ਏਅਰਪੋਰਟ ’ਤੇ ਉਤਰਣ ਸਮੇਂ ਤਕਨੀਕੀ ਖਰਾਬੀ ਦੇ ਸਿੱਟੇ ਵਜੋਂ  ਹਾਦਸਾਗ੍ਰਸਤ ਹੋਣ ਤੋਂ ਵਾਲ-ਵਾਲ ਬਚਿਆ ਅਤੇ ਤੀਜੇ ਯਤਨ ’ਚ ਬੜੀ ਮੁਸ਼ਕਲ ਨਾਲ ਲੈਂਡ  ਕਰ  ਸਕਿਆ।
* 9 ਮਈ ਨੂੰ ਚੋਣ ਪ੍ਰਚਾਰ ਦੌਰਾਨ ‘ਲੋਕ ਜਨਸ਼ਕਤੀ ਪਾਰਟੀ’ ਦੇ ਮੁਖੀ ਚਿਰਾਗ  ਪਾਸਵਾਨ ਦੇ ਹੈਲੀਕਾਪਟਰ ਦਾ ਇਕ ਪਹੀਆ ਬਿਹਾਰ ’ਚ ਉਜਿਆਰਪੁਰ ਲੋਕ ਸਭਾ ਖੇਤਰ  ਦੇ  ਮੋਹੱਦੀ ਨਗਰ ’ਚ ਹੈਲੀਪੈਡ ’ਤੇ ਲੈਂਡਿੰਗ ਦੌਰਾਨ  ਜ਼ਮੀਨ ’ਚ ਧੱਸ ਗਿਆ।
* 9 ਮਈ ਨੂੰ   ਹੀ ਪੱਛਮੀ ਅਫਰੀਕੀ ਦੇਸ਼ ‘ਸੈਨੇਗਲ’ ਦੀ ਰਾਜਧਾਨੀ ‘ਡਕਾਰ’ ਤੋਂ 85 ਯਾਤਰੀਆਂ ਨੂੰ ਲੈ  ਕੇ ‘ਮਾਲੇ’ ਲਈ ਉਡਾਣ ਭਰ ਰਿਹਾ ਬੋਇੰਗ 737 ਜਹਾਜ਼ ਹਵਾਈ ਅੱਡੇ ਦੇ ਰਨਵੇ ਤੋਂ ਤਿਲ੍ਹਕ ਜਾਣ ਦੇ ਨਤੀਜੇ ਵਜੋਂ 10 ਜਣੇ ਗੰਭੀਰ ਜ਼ਖਮੀ ਹੋ ਗਏ।
* 13 ਮਈ ਨੂੰ ਆਸਟ੍ਰੇਲੀਆ ’ਚ 3 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਜਹਾਜ਼ ਨੇ ਸਿਡਨੀ ਦੇ ਉੱਤਰ ’ਚ ਸਥਿਤ ਹਵਾਈ ਅੱਡੇ  ਤੋਂ ‘ਪੋਰਟ ਮੈਕੁਏਰੀਏ’ ਲਈ ਉਡਾਣ ਭਰੀ ਹੀ ਸੀ ਕਿ ਜਹਾਜ਼ ਦੇ ਲੈਂਡਿੰਗ ਗੀਅਰ ’ਚ ਖਰਾਬੀ  ਆ ਗਈ। 
ਇਸ ਦੇ ਸਿੱਟੇ ਵਜੋਂ ਪਾਇਲਟ ਨੇ ਜਹਾਜ਼ ਦਾ ਈਂਧਨ ਖਤਮ ਕਰਨ ਲਈ 3 ਘੰਟੇ  ਤੱਕ ਹਵਾਈ ਅੱਡੇ ਦੇ ਉੱਪਰ ਚੱਕਰ ਕੱਟਦੇ ਰਹਿਣ ਪਿੱਛੋਂ ਜਹਾਜ਼ ਨੂੰ ਕਿਸੇ ਤਰ੍ਹਾਂ   ਸੁਰੱਖਿਅਤ ਹੇਠਾਂ ਉਤਾਰ ਕੇ ਉਸ ’ਚ ਸਵਾਰ ਯਾਤਰੀਆਂ ਦੀ ਜਾਨ ਬਚਾਈ।
*  17 ਮਈ ਨੂੰ 175 ਯਾਤਰੀਆਂ ਨੂੰ ਲੈ ਕੇ ਨਵੀਂ ਦਿੱਲੀ ਤੋਂ ਬੈਂਗਲੁਰੂ ਜਾ ਰਹੇ ‘ਏਅਰ  ਇੰਡੀਆ’ ਦੇ ਜਹਾਜ਼ ਨੂੰ ਏਅਰਕੰਡੀਸ਼ਨਿੰਗ ਯੂਨਿਟ ’ਚ ਅੱਗ ਲੱਗਣ ਦੇ ਸ਼ੱਕ ’ਚ ਵਾਪਸ ਦਿੱਲੀ  ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰ ਲਿਆ ਗਿਆ।
* 17 ਮਈ ਨੂੰ ਹੀ 200 ਯਾਤਰੀਆਂ ਨੂੰ ਲੈ ਕੇ ਪੁਣੇ ਤੋਂ ਦਿੱਲੀ ਜਾਣ ਵਾਲਾ ‘ਏਅਰ ਇੰਡੀਆ’ ਦਾ ਇਕ ਜਹਾਜ਼ ਉਡਾਣ ਭਰਨ ਲਈ ਰਨਵੇ ਵੱਲ ਵਧਦੇ ਸਮੇਂ ਹਵਾਈ ਅੱਡੇ ਦੀ ਲਗੇਜ ਟ੍ਰੈਕਟਰ-ਟ੍ਰਾਲੀ ਨਾਲ ਟਕਰਾ ਗਿਆ ਜਿਸ ਕਾਰਨ ਉਸ ਦੀ ਉਡਾਣ ਰੱਦ ਕਰਨੀ ਪਈ।
* 18 ਮਈ ਨੂੰ ਕੇਰਲ ਦੇ ਤਿਰੂਵਨੰਤਪੁਰਮ ਤੋਂ ਬੈਂਗਲੁਰੂ ਜਾ ਰਹੇ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਇਕ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ  ਵਾਪਸ ਉਤਾਰ ਲਿਆ ਗਿਆ।
ਯਕੀਨਨ ਹੀ ਜਹਾਜ਼ਾਂ ਦਾ ਇਸ ਤਰ੍ਹਾਂ ਤਕਨੀਕੀ ਖਰਾਬੀਆਂ ਦਾ ਸ਼ਿਕਾਰ ਜਾਂ ਹਾਦਸਾਗ੍ਰਸਤ ਹੋਣਾ ਬੇਹੱਦ ਚਿੰਤਾਜਨਕ ਹੈ। ਇਸ ਲਈ ਜਹਾਜ਼ ਕੰਪਨੀਆਂ  ਵਲੋਂ ਸੁਰੱਖਿਆ ਮਾਪਦੰਡਾਂ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਤਾਂ ਕਿ ਕਦੀ ਕੋਈ ਵੱਡਾ ਜਹਾਜ਼ ਹਾਦਸਾ ਲੋਕਾਂ ਦੀ ਜਾਨ ਦਾ ਦੁਸ਼ਮਣ ਨਾ ਬਣ ਜਾਵੇ।    

–ਵਿਜੇ ਕੁਮਾਰ
 


Inder Prajapati

Content Editor

Related News