ਪਿੰਡ ਕੌੜਿਆਂਵਾਲੀ ਦਾ ਸਰਕਾਰੀ ਸਕੂਲ, ਜਿੱਥੇ ਫਾਜ਼ਿਲਕਾ ਸ਼ਹਿਰ ਦੇ ਬੱਚੇ ਜਾਂਦੇ ਹਨ ਪੜ੍ਹਨ

Monday, May 09, 2022 - 12:07 AM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੌੜਿਆਂਵਾਲੀ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਆਪਣੇ-ਆਪ 'ਚ ਇਕ ਨਿਵੇਕਲਾ ਸਕੂਲ ਹੈ, ਜਿਸ ਨੇ ਪਿਛਲੇ ਸਾਲ ਸਭ ਤੋਂ ਵੱਧ ਦਾਖਲੇ ਕਰਕੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਕੂਲ ਦੀਆ ਬਰੂਹਾਂ ਤੋਂ ਅੰਦਰ ਹੁੰਦਿਆਂ ਹੀ ਇਸ ਸਕੂਲ ਦਾ ਵਿੱਦਿਅਕ ਮਾਹੌਲ ਵਿਦਿਆਰਥੀਆਂ 'ਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਭਰ ਦਿੰਦਾ ਹੈ। ਫਾਜ਼ਿਲਕਾ ਸ਼ਹਿਰ ਤੋਂ ਕੁਝ ਕਿਲੋਮੀਟਰ 'ਤੇ ਸਥਿਤ ਪਿੰਡ ਕੌੜਿਆਂਵਾਲੀ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਦੇ ਖੇਤਰ 'ਚ ਬਹੁਤ ਨਾਮਣਾ ਖੱਟ ਰਿਹਾ ਹੈ। ਇਸ ਸਕੂਲ ਦੀ ਨਿਵੇਕਲੀ ਦਿੱਖ ਸਭ ਨੂੰ ਆਪਣੇ ਵੱਲ ਖਿੱਚਦੀ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜੀਵ ਮੱਕੜ ਨੇ ਦੱਸਿਆ ਕਿ ਸਕੂਲ ਵਿੱਚ ਕੁਲ 960 ਵਿਦਿਆਰਥੀ ਪੜ੍ਹਦੇ ਹਨ। ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬਹੁਤ ਹੀ ਵਧੀਆ ਰੰਗਦਾਰ ਕਮਰੇ ਬਣਾਏ ਗਏ ਹਨ।ਸਕੂਲ 'ਚ ਬੱਚਿਆਂ ਦੀ ਪੜ੍ਹਾਈ ਲਈ ਸਮਾਰਟ ਕਲਾਸ ਰੂਮ ਹਨ, ਜਿੱਥੇ ਬੱਚਿਆਂ ਨੂੰ ਪ੍ਰਾਜੈਕਟਰ 'ਤੇ ਪੜ੍ਹਾਈ ਕਰਵਾਈ ਜਾ ਰਹੀ ਹੈ, ਉੱਥੇ ਹੀ ਮਿਹਨਤੀ ਅਧਿਆਪਕਾਂ ਵੱਲੋਂ ਨਵੇਂ-ਨਵੇਂ ਤਰੀਕਿਆਂ ਨਾਲ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਪੂਰੇ ਪੰਜਾਬ 'ਚੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਪਹਿਲੇ ਨੰਬਰ 'ਤੇ ਆਇਆ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਸਕੂਲ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਾਲ 2020 ਦੌਰਾਨ 260 ਬੱਚੇ ਹੀ ਪੜ੍ਹਾਈ ਕਰਦੇ ਸਨ, ਜਦਕਿ ਹੁਣ ਮੌਜੂਦਾ ਸਾਲ 2022 ਵਿੱਚ ਇਹ ਗਿਣਤੀ ਵੱਧ ਕੇ 960 ਹੋ ਗਈ ਹੈ। ਸਕੂਲ 'ਚ ਕੁੱਲ 27 ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਂਦੇ ਹਨ। ਸਕੂਲ 'ਚ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਾਫ-ਸੁਥਰਾ ਭੋਜਨ ਮਿਡ-ਡੇ ਮੀਲ ਤਹਿਤ ਖੁਆਇਆ ਜਾਂਦਾ ਹੈ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ।

ਇਹ ਵੀ ਪੜ੍ਹੋ : ਪਾਕਿ ਫੌਜ ਨੇ ਉਸ ਨੂੰ ‘ਸਿਆਸਤ ’ਚ ਘਸੀਟਣ’ ਨੂੰ ਲੈ ਕੇ ਆਲੋਚਕਾਂ ਨੂੰ ਕਹੀ ਇਹ ਗੱਲ

ਉਨ੍ਹਾਂ ਦੱਸਿਆ ਕਿ ਇਹ ਸਕੂਲ ਅੰਗਰੇਜ਼ੀ ਮਾਧਿਅਮ 'ਚ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾ ਰਿਹਾ ਹੈ। ਵਿਭਾਗ ਵੱਲੋਂ ਮਿਲੀਆਂ ਗ੍ਰਾਂਟਾਂ ਤੋਂ ਇਲਾਵਾ ਆਪਣੇ ਨਿੱਜੀ ਖਰਚੇ 'ਚੋਂ ਉਨ੍ਹਾਂ ਨੇ ਹੁਣ ਤੱਕ 65 ਲੱਖ ਦੇ ਕਰੀਬ ਰੁਪਏ ਇਸ ਸਕੂਲ ਨੂੰ ਵਧੀਆ ਦਿੱਖ ਦੇਣ ਲਈ ਲਗਾਏ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਹਰੇਕ ਕਮਰਾ ਵਧੀਆ ਢੰਗ ਨਾਲ ਸਜਾਇਆ ਗਿਆ ਹੈ ਤੇ ਹਰ ਕਮਰੇ ਵਿੱਚ ਰੰਗ ਦੇ ਹਿਸਾਬ ਨਾਲ ਪਰਦੇ ਲਗਾਏ ਗਏ ਹਨ। ਇਸ ਸਕੂਲ ਦੇ ਕੁੱਲ ਬੱਚਿਆਂ 'ਚੋਂ 58 ਫੀਸਦੀ ਸ਼ਹਿਰ ਦੇ ਬੱਚੇ ਇਸ ਸਕੂਲ ਵਿੱਚ ਪੜ੍ਹਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਆਪਣਾ ਬੇਟਾ ਵੀ ਇਸੇ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਬੋਰਡ ਦੀਆਂ ਕਲਾਸਾਂ 8ਵੀਂ ਤੇ 10ਵੀਂ ਦੇ ਬੱਚੇ ਗਰਾਊਂਡ ਫਲੋਰ ਵਾਲੀ ਬਿਲਡਿੰਗ ਅਤੇ 6ਵੀਂ, 7ਵੀ, 9ਵੀਂ ਜਮਾਤ ਦੇ ਬੱਚੇ ਪਹਿਲੀ ਮੰਜ਼ਿਲ 'ਤੇ ਪੜ੍ਹਾਈ ਕਰਦੇ ਹਨ। ਇਸ ਤੋਂ ਇਲਾਵਾ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਲੱਗ ਬਿਲਡਿੰਗ ਬਣਵਾਈ ਗਈ ਹੈ।

ਇਹ ਵੀ ਪੜ੍ਹੋ : ਟਾਰਗੈੱਟ ਕਿਲਿੰਗ ਦੀ ਕੋਸ਼ਿਸ਼ ਨਾਕਾਮ, 1 ਦੋਸ਼ੀ ਹਥਿਆਰਾਂ ਸਮੇਤ ਕਾਬੂ (ਵੀਡੀਓ)

ਸਕੂਲ 'ਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਲਈ ਲੈਬਜ਼ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ, ਜੀਵ-ਜੰਤੂ ਅਤੇ ਮਨੁੱਖੀ ਢਾਂਚੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਕੂਲ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ, ਜਿਸ ਵਿੱਚ ਬੱਚੇ ਆਪਣੀ ਰੁਚੀ ਅਨੁਸਾਰ ਕਿਤਾਬਾਂ ਪੜ੍ਹਦੇ ਹਨ। ਇਸ ਸਕੂਲ 'ਚ ਸੌਰ ਮੰਡਲ ਅਤੇ ਦੇਸ਼ ਦਾ ਗੌਰਵ ਮਿਜ਼ਾਇਲਾਂ ਸਬੰਧੀ ਵੀ ਜਾਣਕਾਰੀ ਮਾਡਲ ਨਾਲ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਬੱਚੇ ਪੂਰੇ ਅਨੁਸ਼ਾਸਨ ਨਾਲ ਰਹਿੰਦੇ ਹਨ ਅਤੇ ਰੋਜ਼ਾਨਾ ਆਪਣੀ ਸਕੂਲ ਦੀ ਵਰਦੀ 'ਚ ਹੀ ਸਕੂਲ ਆਉਂਦੇ ਹਨ। ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਦਾਖਲਿਆਂ ਦੇ ਵਾਧੇ ਲਈ ਪਿੰਡ ਵਿੱਚ ਜਾ ਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਰਕਾਰੀ ਸਕੂਲਾਂ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : PSPCL ਵੱਲੋਂ ਪੈਡੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਰਵਾਈ ਜਾਵੇਗੀ 8 ਘੰਟੇ ਬਿਜਲੀ ਸਪਲਾਈ : ਇੰਜ. ਬਲਦੇਵ ਸਿੰਘ ਸਰਾਂ

ਸਕੂਲ ਦੇ ਵਿਦਿਆਰਥੀ ਸਾਹਿਲ ਨੇ ਦੱਸਿਆ ਕਿ ਉਹ ਪਹਿਲਾਂ ਫਾਜ਼ਿਲਕਾ ਸ਼ਹਿਰ ਦੇ ਕਿਸੇ ਪ੍ਰਾਈਵੇਟ ਸਕੂਲ 'ਚ ਪੜ੍ਹਾਈ ਕਰਦਾ ਸੀ ਪਰ ਇਸ ਸਕੂਲ ਦੀ ਦਿੱਖ, ਪੜ੍ਹਾਈ ਅਤੇ ਅਧਿਆਪਕਾਂ ਦਾ ਬੱਚਿਆਂ ਪ੍ਰਤੀ ਮੋਹ ਦੇਖ ਕੇ ਉਸ ਨੇ ਪ੍ਰਾਈਵੇਟ ਸਕੂਲ ਤੋਂ ਇਸ ਸਕੂਲ 'ਚ ਦਾਖਲਾ ਲਿਆ ਹੈ। ਉਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਰਾਜੀਵ ਮੱਕੜ ਬਹੁਤ ਹੀ ਨੇਕਦਿਲ ਇਨਸਾਨ ਹਨ। ਵਿਦਿਆਰਥੀ ਨੇ ਦੱਸਿਆ ਕਿ ਪ੍ਰਿੰਸੀਪਲ ਸਕੂਲ ਦੇ ਸਾਰੇ ਵਿਦਿਆਰਥੀਆਂ ਨਾਲ ਰਲ-ਮਿਲ ਕੇ ਰਹਿੰਦੇ ਹਨ ਅਤੇ ਸਕੂਲ ਦੇ ਕਈ ਕੰਮਾਂ ਲਈ ਆਪਣੇ ਪਾਸੋਂ ਪੈਸੇ ਲਾ ਕੇ ਵਿਦਿਆਰਥੀਆਂ ਨੂੰ ਇਕ ਚੰਗਾ ਮਾਹੌਲ ਦੇ ਰਹੇ ਹੈ।

ਇਹ ਵੀ ਪੜ੍ਹੋ : ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਿਰਾਓ ਦਾ ਐਲਾਨ, 15 ਨੂੰ ਸੂਬਾ ਪੱਧਰੀ ਰੋਸ ਰੈਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Mukesh

Content Editor

Related News