''ਵਿਦਿਆਰਥੀਆਂ ਨੂੰ ਪੌਸ਼ਟਿਕ ਮਿਡ-ਡੇਅ ਮੀਲ ਮੁਹੱਈਆ ਕਰਵਾਉਣ ਲਈ ਵਚਨਬੱਧ ਪੰਜਾਬ ਸਰਕਾਰ''

07/17/2020 1:33:16 AM

ਚੰਡੀਗੜ੍ਹ,(ਰਮਨਜੀਤ)- ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਮਿਡ-ਡੇਅ ਮੀਲ ਦਾ ਖਾਣਾ ਲਗਾਤਾਰ ਸਕੂਲਾਂ ਦੇ 15.79 ਲੱਖ ਵਿਦਿਆਰਥੀਆਂ ਨੂੰ ਮੁਹੱਈਆ ਕਰਵਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਭਾਵੇਂ ਇਹ ਯਤਨ ਪ੍ਰਭਾਵਿਤ ਹੋਏ ਹਨ ਪਰ ਅਧਿਆਪਕਾਂ ਦੀ ਸਮਰਪਣ ਭਾਵਨਾ ਤੇ ਸਿਰੜ ਸਦਕਾ ਅਜਿਹੀ ਸੰਕਟਕਾਲੀ ਘੜੀ ਵਿਚ ਵੀ ਇਹ ਸਭ ਸੰਭਵ ਹੋਇਆ ਹੈ। ਸਿੰਗਲਾ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਮਾਰੀ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਅਧਿਆਪਕ ਆਨਲਾਈਨ ਕਲਾਸਾਂ ਲੈਣ, ਅਨਾਜ ਤੇ ਕਿਤਾਬਾਂ ਵੰਡਣ ਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਦਮਿਕ ਸ਼ੈਸਨ 2020-21 ਦੀ ਪਹਿਲੇ ਵਿੱਤੀ ਤਿਮਾਹੀ ਲਈ ਵਿਦਿਆਰਥੀਆਂ ਨੂੰ ਸੀਲਬੰਦ ਪੈਕਟਾਂ ਵਿਚ ਚਾਵਲ ਅਤੇ ਕਣਕ ਪਹੁੰਚਾਉਣ ਲਈ ਸਕੂਲਾਂ ਨੂੰ 8262.23 ਮੀਟ੍ਰਿਕ ਟਨ ਅਨਾਜ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਤਿਮਾਹੀ (20 ਜੁਲਾਈ ਤੋਂ 20 ਸਤੰਬਰ) ਲਈ, 11,974 ਮੀਟ੍ਰਿਕ ਟਨ ਅਨਾਜ ਦੀ ਵੰਡ ਨੂੰ ਮਨਜੂਰੀ ਦਿੱਤੀ ਗਈ ਹੈ ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਪਹਿਲਾਂ ਹੀ 37.26 ਕਰੋੜ ਰੁਪਏ ਦੀ ਮਨਜੂਰੀ ਦਿੱਤੀ ਜਾ ਚੁੱਕੀ ਹੈ, ਜਿਸ ਨੂੰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਭਪਾਤਰੀ ਵਿਦਿਆਰਥੀਆਂ ਦੇ ਖਾਤਿਆਂ ਵਿਚ ਤਬਦੀਲ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਕੁਝ ਵਿਦਿਆਰਥੀਆਂ ਕੋਲ ਬੈਂਕ ਖਾਤਾ ਨਾ ਹੋਣ ਕਰਕੇ ਸਕੂਲਾਂ ਕੋਲ ਲਗਭਗ 14 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਪਈ ਹੈ। ਉਨ੍ਹਾਂ ਇਸ ਮਾਮਲੇ 'ਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲਾਭਪਾਤਰੀ ਵਿਦਿਆਰਥੀਆਂ ਨੂੰ ਸਬੰਧਤ ਰਕਮ ਜਾਰੀ ਕਰਨ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੋਂ ਪ੍ਰਵਾਨਗੀ ਲੈਣ। ਉਨ੍ਹਾਂ ਕਿਹਾ ਕਿ 6 ਜੁਲਾਈ, 2020 ਨੂੰ ਭਾਰਤ ਸਰਕਾਰ ਨੂੰ ਇਕ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਖਾਣਾ ਪਕਾਉਣ ਦੀ ਲਾਗਤ ਦੀ ਨਗਦ ਅਦਾਇਗੀ ਦੀ ਇਜਾਜ਼ਤ ਮੰਗੀ ਗਈ ਹੈ ਪਰ ਹਾਲੇ ਜਵਾਬ ਦੀ ਉਡੀਕ ਹੈ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਇਕ ਵਾਰ ਜਦੋਂ ਸਾਨੂੰ ਮਨਜੂਰੀ ਮਿਲ ਗਈ ਤਾਂ ਕੁਝ ਦਿਨਾਂ ਦੇ ਅੰਦਰ ਹੀ ਖਾਣਾ ਪਕਾਉਣ ਦੀ ਲਾਗਤ ਵਿਦਿਆਰਥੀਆਂ ਨੂੰ ਨਕਦ ਦੇ ਦਿੱਤੀ ਜਾਵੇਗੀ।


 


Deepak Kumar

Content Editor

Related News