ਪੇਂਡੂ ਖੇਤਰ ਦੇ ਸਰਕਾਰੀ ਹਸਪਤਾਲਾਂ ''ਚ ਡਾਕਟਰ ਅਤੇ ਦਵਾਈਆਂ ਦਾ ਪ੍ਰਬੰਧ ਕਰੇ ਸਰਕਾਰ : ਬਰਾੜ

07/18/2018 4:37:57 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਜੇਕਰ ਪੰਜਾਬ ਸਰਕਾਰ ਸੂਬੇ 'ਚੋਂ ਨਸ਼ਿਆਂ ਦਾ ਖਾਤਮਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੇਂਡੂ ਖੇਤਰ ਦੇ ਸਰਕਾਰੀ ਹਸਪਤਾਲਾਂ 'ਚ ਨਸ਼ਾ ਛੁਡਾਉਣ ਲਈ ਮਾਹਰ ਡਾਕਟਰ ਨੂੰ ਭੇਜਣ ਦਾ ਪ੍ਰਬੰਧ ਕਰੇ। ਜਿਹੜੇ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਇਨ੍ਹਾਂ ਹਸਪਤਾਲਾਂ ਦਾ ਲਾਭ ਲੈ ਸਕਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਤੇ ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਜ਼ਿਲੇ ਦੇ ਕਿਸੇ ਵੀ ਸਰਕਾਰੀ ਪੇਂਡੂ ਹਸਪਤਾਲ ਜਾਂ ਡਿਸਪੈਂਸਰੀ 'ਚ ਨਸ਼ਾ ਛੁਡਾਉਣ ਲਈ ਮਾਹਰ ਡਾਕਟਰ ਨਹੀਂ ਹਨ। ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਕਿਹੜੇ ਪਾਸੇ ਜਾਣ। ਉਨ੍ਹਾਂ ਕਿਹਾ ਕਿ ਜ਼ਿਲਾ ਹੈਡਕੁਆਟਰ 'ਤੇ ਇਕ ਹਸਪਤਾਲ ਹੈ, ਜਿਥੇ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਬੈੱਡ ਲਵਾਏ ਗਏ ਹਨ ਪਰ ਉੱਥੇ ਵੀ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਅੱਜ ਸਰਕਾਰੀ ਸਿਹਤ ਡਿਸਪੈਂਸਰੀ ਪਿੰਡ ਭਾਗਸਰ ਵਿਖੇ ਗਏ ਸਨ ਅਤੇ ਉਥੇ ਜਾ ਕੇ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਪਹਿਲਾਂ ਉਕਤ ਹਸਪਤਾਲ 'ਚ ਜ਼ਿਲਾ ਪ੍ਰੀਸ਼ਦ ਰਾਹੀ ਜੋ ਡਾਕਟਰ ਭੇਜਿਆ ਗਿਆ ਸੀ, ਉਸ ਦੀ ਅਸਾਮੀ ਖਾਲੀ ਪਈ ਹੋਈ ਹੈ। 
ਜਦ ਉਸ ਡਾਕਟਰ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਕਿ ਪਿੰਡ ਦੇ ਕੁਝ ਨਸ਼ਾ ਛੱਡਣਾ ਚਾਹੁੰਦੇ ਹਨ ਤੇ ਤੁਸੀਂ ਆ ਕੇ ਉਨ੍ਹਾਂ ਨੂੰ ਦੇਖੋ ਅਤੇ ਦਵਾਈਆਂ ਦਿਉ ਤਾਂ ਉਕਤ ਡਾਕਟਰ ਨੇ ਜਵਾਬ ਦਿੱਤਾ ਕਿ ਸਾਨੂੰ ਅਜੇ ਤੱਕ ਇਸ ਸਬੰਧੀ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਅਤੇ ਨਾ ਹੀ ਸਾਡੇ ਕੋਲ ਦੇਣ ਲਈ ਅਜਿਹੀਆ ਕੋਈ ਦਵਾਈਆਂ ਹਨ। ਪ੍ਰਿੰਸੀਪਲ ਜਸਵੰਤ ਸਿੰਘ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਨਸ਼ਾ ਛੁਡਾਉਣ ਲਈ ਸਾਰੇ ਪੂਂਡ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਗਰੀਬ ਲੋਕ ਜਿਹੜੇ ਨਸ਼ਿਆ ਦੀ ਦਲਦਲ 'ਚ ਫਸੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ।  


Related News