ਸਰਕਾਰੀ ਹਸਪਤਾਲ ’ਚ 2 ਦਿਨ ਤੱਕ ਇਲਾਜ ਲਈ ਤੜਫਦਾ ਰਿਹਾ ਮਰੀਜ਼

12/18/2019 4:53:40 PM

ਮੋਗਾ (ਸੰਜੀਵ):  2 ਦਿਨ ਤੱਕ ਲਗਾਤਾਰ ਮੋਗਾ ਅਤੇ ਫਰੀਦਕੋਟ ਦੇ ਸਰਕਾਰੀ ਹਸਪਤਾਲਾਂ ਦੇ ਚੱਕਰ ਕੱਟਣ ਦੇ ਬਾਅਦ ਪ੍ਰੈੱਸ ਵਲੋਂ ਜ਼ੋਰ ਦੇਣ 'ਤੇ ਅਖੀਰ ਇਕ ਜ਼ਖਮੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਪਿੰਡ ਸ਼ੇਖਾ ਕਲਾਂ ਨਿਵਾਸੀ ਗਗਨਦੀਪ ਸਿੰਘ ਦੇ ਮੁਤਾਬਕ ਐਤਵਾਰ ਨੂੰ ਉਸਦੇ ਪਿਤਾ ਬੇਅੰਤ ਸਿੰਘ ਇਕ ਸੜਕ ਦੁਰਘਟਨਾ ਵਿਚ ਜਖ਼ਮੀ ਹੋ ਗਏ ਸਨ, ਜਿਸ ਤੇ ਪਿਤਾ ਨੂੰ ਸਰਕਾਰੀ ਹਸਪਤਾਲ ਬਾਘਾਪੁਰਾਣਾ 'ਚ ਵਿਖਾਉਣ ਗਏ ਪਰ ਉੱਥੇ ਕੋਈ ਵੀ ਡਾਕਟਰ ਉਪਲੱਬਧ ਨਾ ਹੋਣ ਦੇ ਚਲਦੇ ਉਹ ਆਪਣੇ ਪਿਤਾ ਨੂੰ ਮਥੁਰਾਦਾਸ ਸਰਕਾਰੀ ਹਸਪਤਾਲ ਮੋਗਾ ਲੈ ਆਇਆ, ਜਿੱਥੇ ਪਿਤਾ ਨੂੰ 20 ਘੰਟੇ ਭਰਤੀ ਕਰਨ ਦੇ ਬਾਵਜੂਦ ਵੀ ਚੈੱਕ ਨਹੀਂ ਕੀਤਾ ਗਿਆ ਅਤੇ ਐਮਰਜੈਂਸੀ ਸਟਾਫ ਨੇ ਉਨ੍ਹਾਂ ਦੀ ਬਿਨ੍ਹਾਂ ਜਾਂਚ ਪੜਤਾਲ ਕੀਤੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਲ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ ਵੀ ਸੀ, ਜਿਸਦੀ ਸਰਕਾਰੀ ਹਸਪਤਾਲ ਦੇ ਕਿਸੇ ਵੀ ਸਟਾਫ ਨੇ ਪੜਤਾਲ ਨਹੀਂ ਕੀਤੀ। ਜ਼ਿਆਦਾ ਜ਼ੋਰ ਦੇਣ 'ਤੇ ਸਟਾਫ ਨੇ ਖਿੱਝ ਕੇ ਪਿਤਾ ਨੂੰ ਫਰੀਦਕੋਟ ਰੈਫਰ ਕਰ ਦਿੱਤਾ।

ਕਿਸੇ ਤਰ੍ਹਾਂ ਫਰੀਦਕੋਟ ਪੁੱਜਣ ਉੱਤੇ ਡਿਊਟੀ ਸਟਾਫ ਨੇ ਕਿਹਾ ਕਿ ਤੁਹਾਡੇ ਪਿਤਾ ਦੀ ਸਿਟੀ ਸਕੈਨ ਕਰਵਾਉਣੀ ਹੋਵੇਗੀ ਪਰ ਇੱਥੇ ਆਯੂਸ਼ਮਾਨ ਸਰਬਤ ਸਿਹਤ ਬੀਮਾ ਦਾ ਕਾਰਡ ਨਹੀਂ ਚੱਲੇਗਾ। ਮੈਡੀਕਲ ਕਾਲਜ ਫਰੀਦਕੋਟ ਟੈਸਟ ਦੀ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਗਗਨਦੀਪ ਦੇ ਮੁਤਾਬਕ ਜੇਬ ਵਿਚ ਜ਼ਿਆਦਾ ਰੁਪਏ ਨਾ ਹੋਣ ਦੇ ਚਲਦੇ ਉਹ ਪਿਤਾ ਨੂੰ ਫਿਰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਲੈ ਆਇਆ। ਇਸ ਪ੍ਰਕਾਰ ਉਹ 2 ਦਿਨ ਤੱਕ ਫੁੱਟਬਾਲ ਦੀ ਤਰ੍ਹਾਂ ਕਦੇ ਮੋਗਾ ਤਾਂ ਕਦੇ ਫਰੀਦਕੋਟ ਘੁੰਮਦਾ ਰਿਹਾ। ਹੁਣ ਪ੍ਰੈੱਸ ਦੇ ਜ਼ੋਰ ਦੇਣ 'ਤੇ ਉਸਦੇ ਪਿਤਾ ਨੂੰ ਭਰਤੀ ਕੀਤਾ ਗਿਆ ਹੈ। ਇਸ ਸਬੰਧ ਵਿਚ ਐੱਸ.ਐੱਮ.ਓ. ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਬੇਅੰਤ ਸਿੰਘ ਦੀ ਹੈਡ ਸਰਜਰੀ ਹੋਣੀ ਸੀ, ਅਤੇ ਮੋਗਾ ਵਿਚ ਹੈਡ ਸਰਜਰੀ ਦਾ ਕੋਈ ਮਾਹਰ ਡਾਕਟਰ ਨਹੀਂ ਹੈ। ਇਸ ਲਈ ਰੋਗੀ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਭਰਤੀ ਕਰ ਸਾਰੇ ਟੈਸਟ ਕੀਤੇ ਗਏ ਹਨ। ਬੀਮੇ ਦੇ ਕਾਰਡ ਸਬੰਧੀ ਡਾਕਟਰ ਨੇ ਕਿਹਾ ਕਿ ਕਾਰਡ ਨੂੰ ਸਿਸਟਮ ਵਿਚ ਅਪਡੇਟ ਹੋਣ ਵਿਚ ਕਈ ਘੰਟੇ ਲੱਗ ਜਾਂਦੇ ਹਨ।


Shyna

Content Editor

Related News