ਸਰਕਾਰੀ ਬੱਸ ''ਚ ਮਹਿਲਾਵਾਂ ਨਾਲ ਬਦਸਲੂਕੀ ਦੇ ਦੋਸ਼! ਕੁੜੀ ਨੇ ਬੱਸ ਤੋਂ ਮਾਰੀ ਛਾਲ
Thursday, Apr 02, 2026 - 04:46 PM (IST)
ਪਾਇਲ (ਵਿਨਾਇਕ): ਪੰਜਾਬ ਵਿਚ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਕੀਮ ਲਾਗੂ ਕੀਤੀ ਗਈ ਹੈ, ਪਰ ਜ਼ਮੀਨੀ ਹਕੀਕਤ ਵਿਚ ਇਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ। ਬੱਸ ਅੱਡਿਆਂ ’ਤੇ ਅਧੂਰੇ ਪ੍ਰਬੰਧ, ਬੱਸਾਂ ਦੀ ਘਾਟ, ਸਟਾਫ ਦੀ ਲਾਪਰਵਾਹੀ ਅਤੇ ਔਰਤਾਂ ਨਾਲ ਹੋ ਰਹੇ ਅਪਮਾਨਜਨਕ ਵਤੀਰੇ ਕਾਰਨ ਇਹ ਸਕੀਮ ਹੁਣ ਵੱਡੇ ਵਿਵਾਦ ਦਾ ਵਿਸ਼ਾ ਬਣਦੀ ਜਾ ਰਹੀ ਹੈ। ਤਾਜ਼ਾ ਮਾਮਲਾ ਪਟਿਆਲਾ ਬੱਸ ਅੱਡੇ ’ਤੇ ਵਾਪਰੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਸਾਹਮਣੇ ਆਇਆ ਹੈ, ਜਿਸ ਨੇ ਨਾ ਸਿਰਫ਼ ਬੱਸ ਸੇਵਾ ਦੀਆਂ ਪ੍ਰਬੰਧਕੀ ਖਾਮੀਆਂ ਨੂੰ ਬੇਨਕਾਬ ਕੀਤਾ ਹੈ, ਸਗੋਂ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਵੀ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
2 ਘੰਟੇ ਉਡੀਕ ਤੋਂ ਬਾਅਦ ਵੀ ਨਹੀਂ ਮਿਲੀ ਸਹੂਲਤ
ਪਾਇਲ ਦੇ ਸਰਹੰਦੀ ਗੇਟ ਸਥਿਤ ਸ਼੍ਰੀ ਸ਼ਿਵ ਮੰਦਰ ਦੀ ਸੇਵਾਦਾਰ ਭੈਣ ਇੰਦਰਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀਆਂ ਦੋ ਨਾਬਾਲਿਗ ਪੋਤਰੀਆਂ ਨਾਲ ਪਟਿਆਲਾ ਸਥਿਤ ਮਾਤਾ ਕਾਲੀ ਦੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਸਨ। ਪਟਿਆਲਾ ਬੱਸ ਅੱਡੇ ’ਤੇ ਉਹ ਕਰੀਬ 2 ਘੰਟੇ ਤੱਕ ਹੋਰ ਸੈਂਕੜਿਆਂ ਔਰਤਾਂ ਸਮੇਤ ਬੱਸ ਦੀ ਉਡੀਕ ਕਰਦੀਆਂ ਰਹੀਆਂ, ਪਰ ਬੱਸਾਂ ਦੇ ਆਉਣ ਜਾਂ ਜਾਣ ਬਾਰੇ ਕੋਈ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਔਰਤਾਂ ਦੀ ਗਿਣਤੀ 300 ਤੋਂ 400 ਦੇ ਕਰੀਬ ਸੀ, ਪਰ ਨਾ ਕੋਈ ਟਾਈਮ-ਟੇਬਲ ਸੀ ਅਤੇ ਨਾ ਹੀ ਕਿਸੇ ਅਧਿਕਾਰੀ ਵੱਲੋਂ ਕੋਈ ਸਹੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਸਨ।
ਚਲਦੀ ਬੱਸ ਤੋਂ ਛਾਲ, ਮੌਕੇ ’ਤੇ ਮਚੀ ਦਹਿਸ਼ਤ
ਭੈਣ ਇੰਦਰਾ ਜੀ ਅਨੁਸਾਰ ਜਦੋਂ ਬੱਸ ਆਈ ਤਾਂ ਭੀੜ ਬੇਹੱਦ ਜ਼ਿਆਦਾ ਸੀ ਅਤੇ ਬੱਸ ਦਾ ਪਿਛਲਾ ਦਰਵਾਜ਼ਾ ਬੰਦ ਰੱਖਿਆ ਗਿਆ। ਉਨ੍ਹਾਂ ਦੀਆਂ ਦੋਵੇਂ ਪੋਤਰੀਆਂ ਕਿਸੇ ਤਰ੍ਹਾਂ ਬੱਸ ਵਿਚ ਚੜ੍ਹ ਗਈਆਂ, ਪਰ ਉਹ ਖੁਦ ਉਮਰ ਦੇ ਤਕਾਜ਼ੇ ਕਾਰਨ ਬੱਸ ਵਿਚ ਚੜ੍ਹ ਨਹੀਂ ਸਕੀ। ਇਸ ਦੌਰਾਨ ਡਰਾਈਵਰ ਨੇ ਬੱਸ ਚਲਾ ਲਈ, ਜਦਕਿ ਬੱਚੀਆਂ ਰੋਂਦਿਆਂ ਬੱਸ ਰੋਕਣ ਦੀ ਬੇਨਤੀ ਕਰਦੀਆਂ ਰਹੀਆਂ। ਕੰਡਕਟਰ ਵੱਲੋਂ ਕੋਈ ਧਿਆਨ ਨਾ ਦੇਣ ਕਾਰਨ ਘਬਰਾਹਟ ਵਿਚ ਇਕ ਪੋਤਰੀ ਨੇ ਚਲਦੀ ਬੱਸ ਵਿਚੋਂ ਛਾਲ ਮਾਰ ਦਿੱਤੀ, ਜਿਸ ਨਾਲ ਮੌਕੇ ’ਤੇ ਹੜਕੰਪ ਮਚ ਗਿਆ। ਭੈਣ ਇੰਦਰਾ ਜੀ ਨੂੰ ਮਜ਼ਬੂਰ ਹੋ ਕੇ ਬੱਸ ਦੇ ਅੱਗੇ ਖੜ੍ਹ ਕੇ ਵਿਰੋਧ ਕਰਨਾ ਪਿਆ, ਜਿਸ ਤੋਂ ਬਾਅਦ ਹੀ ਬੱਸ ਰੋਕੀ ਗਈ।
ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਭੈਣ ਇੰਦਰਾ ਜੀ ਨੇ ਦੱਸਿਆ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਸਗੋਂ ਉਨ੍ਹਾਂ ਨਾਲ ਤਿੰਨ ਵਾਰ ਇਸ ਤਰ੍ਹਾਂ ਦੀ ਲਾਪਰਵਾਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਦੀ ਨਾਕਾਮੀ ਹੈ, ਜਿਸ ਕਾਰਨ ਔਰਤਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਹੈ।
ਔਰਤਾਂ ਨਾਲ ਅਪਮਾਨਜਨਕ ਵਰਤਾਓ ਦੇ ਦੋਸ਼
ਮਾਮਲੇ ਨੂੰ ਹੋਰ ਗੰਭੀਰ ਬਣਾਉਂਦਿਆਂ ਭੈਣ ਇੰਦਰਾ ਜੀ ਨੇ ਦੋਸ਼ ਲਗਾਇਆ ਕਿ ਬੱਸ ਅੱਡੇ ’ਤੇ ਪ੍ਰਾਈਵੇਟ ਬੱਸਾਂ ਦੇ ਕਰਮਚਾਰੀ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ’ਤੇ ਤਿੱਖੀਆਂ ਅਤੇ ਅਪਮਾਨਜਨਕ ਟਿੱਪਣੀਆਂ ਕਰਦੇ ਹਨ। ਉਨ੍ਹਾਂ ਦੇ ਸ਼ਬਦਾਂ ਅਨੁਸਾਰ, ਕਰਮਚਾਰੀ ਅਕਸਰ ਕਹਿੰਦੇ ਹਨ ਕਿ “ਇਹ ਤਾਂ ਥੱਕ-ਹਾਰ ਕੇ ਆਪ ਹੀ ਬੈਠ ਜਾਣਗੀਆਂ”, ਜੋ ਕਿ ਹਰ ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦਾ ਹੈ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੱਸ ਕੰਡਕਟਰ ਅਕਸਰ ਕਹਿੰਦੇ ਹਨ ਕਿ ਇਹ ਬੱਸ ਪਟਿਆਲਾ ਤੋਂ ਸਿੱਧੀ ਜਲੰਧਰ ਜਾ ਕੇ ਹੀ ਰੁਕੇਗੀ ਅਤੇ ਵਿਚਕਾਰ ਕਿਸੇ ਵੀ ਥਾਂ ਸਟਾਪ ਨਹੀਂ ਕਰੇਗੀ, ਜਿਸ ਕਾਰਨ ਰਸਤੇ ਵਿੱਚ (ਖੰਨਾ, ਲੁਧਿਆਣਾ) ਉਤਰਨ ਵਾਲੀਆਂ ਔਰਤਾਂ ਨੂੰ ਨਾ ਸਿਰਫ਼ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਉਨ੍ਹਾਂ ਨੂੰ ਬੇਇਜ਼ਤੀ ਵੀ ਸਹਿਣੀ ਪੈਂਦੀ ਹੈ।
ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਦੀ ਪੋਤਰੀ ਦੀ ਜਾਨ ਬਚ ਜਾਣਾ ਸਿਰਫ਼ ਕਿਸਮਤ ਦੀ ਗੱਲ ਸੀ, ਨਹੀਂ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਇਹ ਮਾਮਲਾ ਸਿਰਫ਼ ਉਨ੍ਹਾਂ ਦੇ ਪਰਿਵਾਰ ਤੱਕ ਸੀਮਿਤ ਨਹੀਂ, ਸਗੋਂ ਹਰ ਉਸ ਔਰਤ ਨਾਲ ਜੁੜਿਆ ਹੋਇਆ ਹੈ ਜੋ ਰੋਜ਼ਾਨਾ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੀ ਹੈ।
ਸਕੀਮ ਦੇ ਮਕਸਦ ’ਤੇ ਉੱਠੇ ਗੰਭੀਰ ਸਵਾਲ
ਜਨਤਾ ਵਿਚ ਇਹ ਧਾਰਨਾ ਤੇਜ਼ੀ ਨਾਲ ਬਣ ਰਹੀ ਹੈ ਕਿ ਕਈ ਥਾਵਾਂ ’ਤੇ ਬੱਸ ਡਰਾਈਵਰ ਔਰਤਾਂ ਨੂੰ ਦੇਖ ਕੇ ਬੱਸ ਸਟਾਪ ਤੋਂ ਦੂਰ ਰੋਕਦੇ ਹਨ ਜਾਂ ਜਲਦੀ ਨਾਲ ਬੱਸ ਅੱਗੇ ਲੈ ਜਾਂਦੇ ਹਨ, ਤਾਂ ਜੋ ਉਹ ਚੜ੍ਹ ਨਾ ਸਕਣ। ਇਸ ਹੜਬੜਾਹਟ ਵਿਚ ਔਰਤਾਂ ਨੂੰ ਦੌੜ ਕੇ ਬੱਸ ਤੱਕ ਪਹੁੰਚਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਦਾ ਹੈ ਅਤੇ ਕਈ ਵਾਰ ਉਹ ਅਪਮਾਨਜਨਕ ਸਥਿਤੀਆਂ ਦਾ ਸਾਹਮਣਾ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਮੁਫ਼ਤ ਸਫ਼ਰ ਸਕੀਮ ਦੇ ਅਸਲ ਮਕਸਦ ’ਤੇ ਹੀ ਸਵਾਲ ਖੜੇ ਹੋ ਰਹੇ ਹਨ।
ਮੁਫ਼ਤ ਸਫ਼ਰ ਸਕੀਮ ਬਣੀ ਔਰਤਾਂ ਦੀ ਇੱਜ਼ਤ ਲਈ ਚੁਣੌਤੀ
ਭੈਣ ਇੰਦਰਾ ਜੀ ਨੇ ਕਿਹਾ ਕਿ ਸੰਵਿਧਾਨ ਔਰਤਾਂ ਨੂੰ ਸਨਮਾਨ ਅਤੇ ਸੁਰੱਖਿਆ ਦਾ ਅਧਿਕਾਰ ਦਿੰਦਾ ਹੈ, ਪਰ ਮੌਜੂਦਾ ਹਾਲਾਤ ਵਿੱਚ ਇਹ ਸਕੀਮ ਉਨ੍ਹਾਂ ਲਈ ਅਪਮਾਨ ਅਤੇ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਔਰਤਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਸਫ਼ਰ ਨਹੀਂ ਦੇ ਸਕਦੀ, ਤਾਂ ਅਜਿਹੀਆਂ ਸਕੀਮਾਂ ਲਾਗੂ ਕਰਨਾ ਸਿਰਫ਼ ਰਾਜਨੀਤਿਕ ਦਿਖਾਵਾ ਹੈ।
ਸਕੀਮ ਤੁਰੰਤ ਬੰਦ ਕਰਨ ਦੀ ਮੰਗ
ਭੈਣ ਇੰਦਰਾ ਜੀ ਨੇ ਸਰਕਾਰ ਕੋਲ ਪੁਰਜੋਰ ਮੰਗ ਕੀਤੀ ਕਿ ਔਰਤਾਂ ਦੀ ਜਾਨ ਅਤੇ ਇੱਜ਼ਤ ਨਾਲ ਜੁੜੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜੇ ਸੁਧਾਰ ਸੰਭਵ ਨਹੀਂ, ਤਾਂ ਇਸ ਸਕੀਮ ਨੂੰ ਤੁਰੰਤ ਬੰਦ ਕੀਤਾ ਜਾਵੇ।
ਇੰਜੀ. ਜਗਦੇਵ ਸਿੰਘ ਬੋਪਾਰਾਏ ਵੱਲੋਂ ਸਖ਼ਤ ਨਿੰਦਾ
ਇਸ ਮਾਮਲੇ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਜੇ ਔਰਤਾਂ ਨੂੰ ਸਹੂਲਤ ਦੇਣ ਦੇ ਨਾਂ ’ਤੇ ਉਨ੍ਹਾਂ ਨੂੰ ਖ਼ਤਰੇ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਵੇ, ਤਾਂ ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸਰਕਾਰੀ ਪ੍ਰਣਾਲੀ ’ਤੇ ਭਰੋਸਾ ਘਟਣ ਦਾ ਖ਼ਤਰਾ
ਇੰਜੀ. ਬੋਪਾਰਾਏ ਨੇ ਚੇਤਾਵਨੀ ਦਿੱਤੀ ਕਿ ਜੇ ਅਜਿਹੀਆਂ ਘਟਨਾਵਾਂ ’ਤੇ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ ਲੋਕਾਂ ਦਾ ਸਰਕਾਰੀ ਪ੍ਰਣਾਲੀ ’ਤੇ ਭਰੋਸਾ ਘਟੇਗਾ, ਜੋ ਲੋਕਤੰਤਰ ਲਈ ਚਿੰਤਾਜਨਕ ਸਥਿਤੀ ਹੋਵੇਗੀ। ਉਨ੍ਹਾਂ ਬੱਸ ਅੱਡਿਆਂ ’ਤੇ ਨਿਗਰਾਨੀ ਪ੍ਰਣਾਲੀ ਮਜ਼ਬੂਤ ਕਰਨ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਸਰਪੰਚ ਮਨਦੀਪ ਸਿੰਘ ਚਾਪੜਾ (ਆੜ੍ਹਤੀ), ਜਥੇਦਾਰ ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਸੁਨੀਲ ਦਿਕਸ਼ਤ, ਵਿਜੇ ਕੁਮਾਰ ਨੇਤਾ ਅਤੇ ਹੋਰ ਆਗੂ ਵੀ ਮੌਜੂਦ ਸਨ।
