SHO ਤੇ ਮੁਨਸ਼ੀ ਦੇ ਵੀ ਹੋਣਗੇ ਤਬਾਦਲੇ, ਸਰਕਾਰ ਨੇ ਬਣਾਈ ਨਵੀਂ ਨੀਤੀ

07/18/2018 9:59:42 PM

ਚੰਡੀਗੜ੍ਹ— ਪੰਜਾਬ ਪੁਲਸ ਵਲੋਂ ਅੱਜ ਜਾਰੀ ਕੀਤੀ ਗਈ ਨਵੀਂ ਤਬਾਦਲਾ ਨੀਤੀ ਮੁਤਾਬਕ ਹੁਣ ਐੱਸ. ਐੱਚ. ਓ. ਅਤੇ ਮੁਨਸ਼ੀ ਇਕ ਥਾਣੇ 'ਚ ਵੱਧ ਤੋਂ ਵੱਧ 3 ਸਾਲ ਅਤੇ ਕਾਂਸਟੇਬਲ ਸਮੇਤ ਹੈੱਡ ਕਾਂਸਟੇਬਲ 5 ਸਾਲ ਤਕ ਤਾਇਨਾਤ ਰਹਿ ਸਕਣਗੇ।
ਸਰਕਾਰ ਨੂੰ ਨਸ਼ਾਖੋਰੀ ਦੀ ਸਮੱਸਿਆ ਕਾਰਨ ਦਰਪੇਸ਼ ਆਈਆਂ ਸਮੱਸਿਆਵਾਂ ਨੂੰ ਲੈ ਕੇ ਅਜਿਹੇ ਫੈਸਲੇ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਨਸ਼ੇ ਦੇ ਮਾਮਲੇ 'ਚ ਤਸਕਰਾਂ ਅਤੇ ਮੌਤ ਦੇ ਸੌਦਾਗਰਾਂ ਨਾਲ ਮਿਲੀਭੁਗਤ ਸਾਹਮਣੇ ਆਈ, ਜਿਸ ਕਾਰਨ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰਨਾ ਪਿਆ ਹੈ। ਅਜਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਪੁਲਸ ਦੇ ਕੰਮਕਾਜ 'ਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੇ ਕਥਿਤ ਗਠਜੋੜ ਨੂੰ ਤੋੜਨ ਲਈ ਕੀਤਾ ਗਿਆ ਹੈ।
ਨਵੀਂ ਨੀਤੀ ਦੇ ਤਹਿਤ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਥਾਣਾ ਇੰਚਾਰਜ ਐੱਸ. ਐੱਚ. ਓ. ਆਪਣੇ ਗ੍ਰਹਿ ਉਪ ਮੰਡਲ 'ਚ ਤਾਇਨਾਤ ਨਹੀਂ ਕੀਤਾ ਜਾਵੇਗਾ। ਬੁਲਾਰੇ ਮੁਤਾਬਕ ਅਪਰਾਧੀਆਂ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਮਿਲੀਭੁਗਤ ਦੀਆਂ ਮਿਲੀਆਂ ਸ਼ਿਕਾਇਤਾਂ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਪੁਲਸ ਡੀ. ਜੀ. ਸੁਰੇਸ਼ ਅਰੋੜਾ ਨੂੰ ਨਵੀਂ ਤਬਾਦਲਾ ਨੀਤੀ ਬਣਾਉਣ ਨੂੰ ਕਿਹਾ ਗਿਆ ਸੀ।
ਨਵੀਂ ਤਬਾਦਲਾ ਨੀਤੀ 'ਚ ਵਿਵਸਥਾ ਕੀਤੀ ਗਈ ਹੈ ਕਿ ਅਪਰਾਧਿਕ ਮਾਮਲਾ ਦਰਜ ਹੋਣ ਦੇ ਬਾਅਦ ਹੇਠਲੇ ਪੱਧਰ ਦਾ ਕੋਈ ਵੀ ਪੁਲਸ ਕਰਮਚਾਰੀ ਉਸ ਜਿਲੇ 'ਚ ਤਾਇਨਾਤ ਨਹੀਂ ਰਹੇਗਾ। ਰੇਂਜ ਦੇ ਆਈ. ਜੀ./ ਡੀ. ਆਈ. ਜੀ. ਤੁਰੰਤ ਉਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲੇ 'ਚ ਤਾਇਨਾਤ ਕਰਨਗੇ। ਨਵੀਂ ਨੀਤੀ ਮੁਤਾਬਕ ਕਿਸੇ ਵੀ ਪੁਲਸ ਥਾਣੇ ਦੇ ਐੱਸ. ਐੱਚ. ਓ. ਇੰਚਾਰਜ ਦਾ ਘੱਟੋਂ-ਘੱਟ ਕਾਰਜਕਾਲ ਇਕ ਸਾਲ ਦਾ ਹੋਵੇਗਾ। ਇਸ ਦੌਰਾਨ ਐੱਸ. ਐੱਚ. ਓ. ਲਈ ਸਬ ਇੰਸਪੈਕਟਰ ਅਹੁਦੇ ਦੀ ਤਾਇਨਾਤੀ ਦੀ ਇਜਾਜ਼ਤ ਦਿੱਤੀ ਗਈ ਹੈ, ਰੈਗੁਲਰ ਸਬ-ਇੰਸਪੈਕਟਰ ਤੋਂ ਘੱਟ ਰੈਂਕ ਦਾ ਅਧਿਕਾਰੀ ਐੱਸ. ਐੱਚ. ਓ. ਦੇ ਤੌਰ 'ਤੇ ਤਾਇਨਾਤ ਨਹੀਂ ਕੀਤਾ ਜਾਵੇਗਾ। ਜਿਥੇ ਐੱਸ. ਐੱਚ. ਓ. ਲਈ ਇੰਸਪੈਕਟਰ ਦਾ ਅਹੁਦਾ ਮਨਜ਼ੂਰ ਕੀਤਾ ਹੋਇਆ ਹੈ, ਉਥੇ ਰੈਗੂਲਰ ਇੰਸਪੈਕਟਰ ਰੈਂਕ ਦੇ ਹੇਠਲੇ ਅਧਿਕਾਰੀ ਨੂੰ ਐੱਸ. ਐੱਚ. ਓ. ਦੇ ਤੌਰ 'ਤੇ ਤਾਇਨਾਤ ਕੀਤਾ ਜਾਵੇਗਾ। ਨਵੀਂ ਨੀਤੀ ਮੁਤਾਬਕ ਐੱਮ. ਐੱਚ. ਸੀ. / ਏ. ਐੱਮ. ਐੱਚ. ਸੀ. (ਮੁਨਸ਼ੀ/ਹੋਰ ਮੁਨਸ਼ੀ) ਦੀ ਤਾਇਨਾਤੀ ਦੀ ਮਿਆਦ ਇਕ ਪੁਲਸ ਥਾਣੇ 'ਚ 3 ਸਾਲ ਹੋਵੇਗੀ। ਉਸ ਤੋਂ ਬਾਅਦ ਹੋਰ ਅਹੁਦੇ ਲਈ ਉਸ ਦਾ ਤਬਾਦਲਾ ਕੀਤਾ ਜਾਵੇਗਾ।
ਸੀ. ਆਈ. ਏ. ਇੰਚਾਰਜ ਅਤੇ ਸਪੈਸ਼ਲ ਸਟਾਫ ਦੇ ਇੰਚਾਰਜ ਦੀ ਮਿਆਦ ਆਮ ਤੌਰ 'ਤੇ ਇਕ ਸਾਲ ਹੋਵੇਗੀ। ਇਸ ਨੀਤੀ ਮੁਤਾਬਕ ਇਕ ਪੁਲਸ ਥਾਣੇ 'ਚ ਤਾਇਨਾਤ ਹੋਰ ਰੈਂਕ (ਅਪਰ ਸਬਾਡੀਨੇਟ) ਦੀ ਮਿਆਦ ਆਮ ਤੌਰ 'ਤੇ 3 ਸਾਲ ਹੋਵੇਗੀ ਜੋ ਸੰਬੰਧਿਤ ਐੱਸ. ਐੱਸ. ਪੀ./ਕਮਿਸ਼ਨਰ ਆਫ ਪੁਲਸ ਵਲੋਂ 5 ਸਾਲ ਤਕ ਵਧਾਈ ਜਾ ਸਕਦੀ ਹੈ। ਹੇਠਲੇ ਰੈਂਕ ਦੇ (ਕਾਂਸਟੇਬਲ ਅਤੇ ਹੈੱਡ ਕਾਂਸਟੇਬਲ) ਦੀ ਤਾਇਨਾਤੀ ਦੀ ਇਕ ਪੁਲਸ ਥਾਣੇ 'ਚ ਆਮ ਮਿਆਦ 3 ਸਾਲ ਹੋਵੇਗੀ।


Related News