ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਕੀਤੀਆਂ ਅਸ਼ਲੀਲ ਫੋਟੋਆਂ ਵਾਇਰਲ
Monday, Jan 21, 2019 - 02:49 AM (IST)

ਮੋਗਾ, (ਅਾਜ਼ਾਦ)- ਜ਼ਿਲਾ ਮੋਗਾ ਨਾਲ ਸਬੰਧਤ ਇਕ ਪਿੰਡ ਦੀ ਰਹਿਣ ਵਾਲੀ ਵਿਦਿਆਰਥਣ ਵੱਲੋਂ ਫਰੀਦਕੋਟ ਨਿਵਾਸੀ ਇਕ ਲਡ਼ਕੇ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰ ਕੇ ਉਸ ਨੂੰ ਬਲੈਕ ਮੇਲ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਸਬੰਧੀ ਜਾਂਚ ਦੇ ਬਾਅਦ ਪੁਲਸ ਵੱਲੋਂ ਕਥਿਤ ਦੋਸ਼ੀ ਲਡ਼ਕੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਮੋਗਾ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ 21 ਸਾਲਾ ਪੀਡ਼ਤਾ ਨੇ ਕਿਹਾ ਕਿ ਉਹ ਕਰੀਬ ਇਕ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਫਿਰੋਜ਼ਪੁਰ ਜ਼ਿਲੇ ਦੇ ਇਕ ਪਿੰਡ ਵਿਚ ਰਿਸ਼ਤੇਦਾਰੀ ਵਿਆਹ ਹੋਣ ਕਾਰਨ ਗਈ ਸੀ, ਜਿੱਥੇ ਉਸ ਦੀ ਮੁਲਾਕਾਤ ਫਰੀਦਕੋਟ ਨਿਵਾਸੀ ਇਕ ਲਡ਼ਕੇ ਨਾਲ ਹੋਈ ਸੀ। ਉਪਰੰਤ ਅਸੀਂ ਮੋਬਾਇਲ ਫੋਨ ’ਤੇ ਗੱਲਬਾਤ ਕਰਨ ਲੱਗ ਪਏ। ਅਸੀਂ ਕਈ ਵਾਰ ਇਕ-ਦੂਜੇ ਨੂੰ ਮਿਲੇ। ਪੀਡ਼ਤਾ ਨੇ ਕਿਹਾ ਕਿ ਇਕ ਦਿਨ ਕਥਿਤ ਦੋਸ਼ੀ ਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਇਸ ਦੇ ਬਾਅਦ ਵੀ ਅਸੀਂ ਕਈ ਵਾਰ ਮਿਲਦੇ ਰਹੇ।
ਪੀਡ਼ਤਾ ਨੇ ਕਿਹਾ ਕਿ ਕਾਲਜ ਦੇ ਯੂਥ ਫੈਸਟੀਵਲ ਵਿਚ ਮੇਰੇ ਵੱਲੋਂ ਇਕ ਸਕਿੱਟ ਵਿਚ ਲਡ਼ਕੇ ਨਾਲ ਕੰਮ ਕਰਨ ’ਤੇ ਉਹ ਮੇਰੇ ਨਾਲ ਝਗਡ਼ਾ ਕਰਨ ਲੱਗ ਪਿਆ ਤੇ ਮੇਰੀ ਕੁੱਟ-ਮਾਰ ਕੀਤੀ ਗਈ। ਮੈਂ ਇਸ ਸਬੰਧੀ ਉਸ ਦੀ ਮਾਤਾ ਨਾਲ ਵੀ ਗੱਲਬਾਤ ਕੀਤੀ ਪਰ ਉਹ ਮੈਨੂੰ ਹੀ ਧਮਕੀਆਂ ਦੇਣ ਲੱਗ ਪਈ ਤੇ ਮੈਂ ਜਦੋਂ ਲਡ਼ਕੇ ਨਾਲ ਗੱਲਬਾਤ ਕਰਨੀ ਬੰਦ ਕੀਤੀ ਤਾਂ ਉਸ ਨੇ ਮੈਨੂੰ ਧਮਕੀਆਂ ਦਿੱਤੀਆਂ ਕਿ ਮੈਂ ਤੇਰੇ ਪਰਿਵਾਰਕ ਮੈਂਬਰਾਂ ਨੂੰ ਤੇਰੀਆਂ ਅਸ਼ਲੀਲ ਫੋਟੋਆਂ, ਜੋ ਉਸ ਨੇ ਚੋਰੀ-ਛੁਪੇ ਖਿੱਚੀਆਂ ਸਨ, ਭੇਜਣ ਦੀ ਧਮਕੀ ਦਿੱਤੀ। ਉਸ ਨੇ ਮੇਰੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮੇਰੀਆਂ ਅਸ਼ਲੀਲ ਫੋਟੋਆਂ ਭੇਜ ਦਿੱਤੀਆਂ ਅਤੇ ਇਕ ਜਾਅਲੀ ਫੇਸਬੁੱਕ ਆਈਡੀ ਬਣਾ ਕੇ ਉਸ ’ਤੇ ਵੀ ਅਪਲੋਡ ਕਰ ਦਿੱਤੀਆਂ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।