ਘੱਗਰ ‘ਚ ਆਏ ਹੜ੍ਹ ਨਾਲ ਪੰਚਾਇਤੀ ਅਤੇ ਮਾਲਕੀ ਜ਼ਮੀਨ ਖੁਰਨ ਨਾਲ ਫਸਲਾਂ ਦਾ ਨੁਕਸਾਨ

Wednesday, Aug 14, 2024 - 05:22 PM (IST)

ਘੱਗਰ ‘ਚ ਆਏ ਹੜ੍ਹ ਨਾਲ ਪੰਚਾਇਤੀ ਅਤੇ ਮਾਲਕੀ ਜ਼ਮੀਨ ਖੁਰਨ ਨਾਲ ਫਸਲਾਂ ਦਾ ਨੁਕਸਾਨ

ਦੇਵੀਗੜ੍ਹ (ਨੌਗਾਵਾਂ) : ਪਿਛਲੇ ਦਿਨੀਂ ਪਈ ਭਾਰੀ ਬਾਰਸ਼ ਕਾਰਨ ਘੱਗਰ ਦਰਿਆ ਵਿਚ ਭਾਰੀ ਪਾਣੀ ਆ ਗਿਆ ਸੀ, ਜਿਸ ਕਾਰਨ ਘੱਗਰ ਦੇ ਕੰਢੇ ਨੀਵੇਂ ਖੇਤਾਂ ਵਿਚ ਪਾਣੀ ਭਰ ਗਿਆ। ਇਸ ਕਾਰਨ ਇਨ੍ਹਾਂ ਖੇਤਾਂ ਵਿਚ ਜਿੱਥੇ ਇਸ ਪਾਣੀ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ, ਉਥੇ ਹੀ ਪਿੰਡ ਭੰਬੂਆਂ ਦੀ ਸ਼ਾਮਲਾਟ ਜ਼ਮੀਨ ਜੋ ਕਿ ਕਈ ਏਕੜ ਬਣਦੀ ਹੈ ਉਹ ਵੀ ਹੜ੍ਹ ਦੇ ਪਾਣੀ ਨਾਲ ਖੁਰਨ ਲੱਗੀ ਹੈ। ਇਸ ਸ਼ਾਮਲਾਟ ਜ਼ਮੀਨ ਦੀਆਂ ਵੱਡੀਆਂ ਵੱਡੀਆਂ ਢਿੱਗਾਂ ਡਿਗਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਇਹ ਪੰਚਾਇਤੀ ਜ਼ਮੀਨ ਖੁਰ ਖੁਰ ਕੇ ਘਟਨੀ ਸ਼ੁਰੂ ਹੋ ਗਈ ਹੈ। ਜਿਸ ਦਾ ਨੁਕਸਾਨ ਪਿੰਡ ਭੰਬੂਆਂ ਨੂੰ ਹੋਵੇਗਾ। ਇਸ ਤੋਂ ਇਲਾਵਾ ਘੱਗਰ ਦੇ ਨਾਲ-ਨਾਲ ਕੁਝ ਲੋਕਾਂ ਦੀ ਨਿੱਜੀ ਜ਼ਮੀਨ ਵੀ ਖੁਰਨੀ ਸ਼ੁਰੂ ਹੋ ਗਈ ਹੈ ਅਤੇ ਉਸ ਵਿਚ ਖੜ੍ਹੀ ਫਸਲ ਵੀ ਪਾਣੀ ‘ਚ ਰੁੜ ਰਹੀ ਹੈ। 

ਇਸ ਤੋਂ ਇਲਾਵਾ ਬਿਜਲੀ ਬੋਰਡ ਦੀ ਇਕ ਵੱਡੀ ਲਾਈਨ ਵੀ ਇਸ ਜ਼ਮੀਨ ਵਿੱਚੋਂ ਲੰਘਦੀ ਹੈ ਉਸ ਦੇ ਵੀ ਡਿੱਗਣ ਦਾ ਭਾਰੀ ਖਦਸ਼ਾ ਹੈ। ਜੇਕਰ ਇਹ ਲਾਈਨ ਦੇ ਖੰਭੇ ਡਿੱਗ ਜਾਂਦੇ ਹਨ ਤਾਂ ਕਈ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ। ਇਸ ਲਈ ਪਿੰਡ ਦੀ ਪੰਚਾਇਤ ਅਤੇ ਬਿਜਲੀ ਵਿਭਾਗ ਨੂੰ ਆਪਣੀ ਜ਼ਮੀਨ ਅਤੇ ਬਿਜਲੀ ਦੀ ਲਾਈਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਜ਼ਿਆਦਾ ਨੁਕਸਾਨ ਨਾ ਹੋ ਸਕੇ। ਇਥੇ ਵਰਨਣਯੋਗ ਹੈ ਕਿ ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਇਕ ਟ੍ਰੀਟਮੈਂਟ ਪਲਾਂਟ ਵੀ ਘੱਗਰ ਦੇ ਕੰਢੇ ਇਸੇ ਜਗ੍ਹਾ 'ਤੇ ਹੀ ਲਗਾਇਆ ਜਾ ਰਿਹਾ ਹੈ।


author

Gurminder Singh

Content Editor

Related News