ਆਨਲਾਈਨ ਬਲੈਕਮੇਲਰਾਂ ਦੇ ਚੁੰਗਲ ’ਚ ਫਸ ਕੇ ਗੁਆਈ ਜਾਨ

Saturday, Dec 18, 2021 - 11:08 AM (IST)

ਆਨਲਾਈਨ ਬਲੈਕਮੇਲਰਾਂ ਦੇ ਚੁੰਗਲ ’ਚ ਫਸ ਕੇ ਗੁਆਈ ਜਾਨ

ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ) : ਨੇੜਲੇ ਪਿੰਡ ਰੂੜੇਕੇ ਕਲਾਂ ਦੇ ਇਕ ਨੌਜਵਾਨ ਵੱਲੋਂ ਆਨਲਾਈਨ ਬਲੈਕਮੇਲਰਾਂ ਦੇ ਚੁੰਗਲ ’ਚ ਫਸ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ । ਜਾਣਕਾਰੀ ਅਨੁਸਾਰ ਬਲਕਾਰ ਸਿੰਘ (24) ਪੁੱਤਰ ਮੱਖਣ ਸਿੰਘ ਵਾਸੀ ਰੂੜੇਕੇ ਕਲਾਂ ਜੋ ਪਿਛਲੇ ਹਫਤੇ ਤੋਂ ਲਾਪਤਾ ਸੀ ਤੇ ਉਸ ਦਾ ਮੋਟਰਸਾਈਕਲ ਹਰੀਗੜ੍ਹ ਨਹਿਰ ਦੇ ਕਿਨਾਰੇ ਲਾਵਾਰਿਸ ਖੜ੍ਹਾ ਮਿਲਿਆ ਸੀ।
ਪਰਿਵਾਰ ਤੇ ਪੁਲਿਸ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ, ਜਿਸ ਦੀ ਲਾਸ਼ ਕੱਲ ਮਾਨਸਾ ਜ਼ਿਲ੍ਹੇ ਦੇ ਇਕ ਰਜਬਾਹੇ ’ਚ ਮਿਲੀ ਹੈ। ਪਰਿਵਾਰ ਵੱਲੋਂ ਉਸ ਦੀ ਗੁੰਮਸ਼ੁੰਗਦੀ ਦੀ ਰਿਪੋਰਟ ਥਾਣਾ ਰੂੜੇਕੇ ਕਲਾਂ ਵਿਖੇ ਦਰਜ ਕਰਵਾਈ ਗਈ ਸੀ।

ਪੁਲਸ ਵੱਲੋਂ ਉਸ ਦੇ ਫੋਨ ਨੰਬਰ ਤੋਂ ਕੀਤੀ ਪੜਤਾਲ ਅਨੁਸਾਰ ਉਹ ਕਿਸੇ ਆਨਲਾਈਨ ਬਲੈਕਮੇਲਿੰਗ ਵਾਲੇ ਗਿਰੋਹ ਦੇ ਧੱਕੇ ਚੜ੍ਹ ਗਿਆ ਸੀ, ਜਿਨ੍ਹਾਂ ਨੇ ਉਸ ਦੀ ਆਨਲਾਈਨ ਵੀਡੀਓ ਕਾਲ ਰਾਹੀਂ ਇਤਰਾਜ਼ਯੋਗ ਵੀਡੀਓ ਬਣਾ ਲਈ ਤੇ ਉਸ ਤੋਂ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ । ਸੂਤਰਾਂ ਅਨੁਸਾਰ ਉਕਤ ਗਿਰੋਹ ਉਸ ਤੋਂ ਢਾਈ ਲੱਖ ਦੇ ਕਰੀਬ ਪੈਸੇ ਬਟੋਰ ਵੀ ਚੁੱਕਾ ਸੀ ਤੇ ਉਸ ਨੂੰ ਫਿਰ ਵੀ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪਿਛਲੇ ਦਿਨਾਂ ਤੋਂ ਉਹ ਘਰੋਂ 30 ਹਜ਼ਾਰ ਰੁਪਏ ਲੈ ਕੇ ਗਿਆ ਸੀ ਤੇ ਉਸ ਪਿੱਛੋਂ ਲਾਪਤਾ ਹੋ ਗਿਆ ਸੀ । ਥਾਣਾ ਰੂੜੇਕੇ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Anuradha

Content Editor

Related News