ਖ਼ੁਦ ਨੂੰ ਥਾਣੇਦਾਰ ਦੱਸ ਕੇ ਅਮਰੀਕਾ ਭੇਜਣ ਦੇ ਨਾਂ 'ਤੇ ਮਾਰੀ ਡੇਢ ਲੱਖ ਦੀ ਠੱਗੀ

07/04/2022 2:17:35 PM

ਭਵਾਨੀਗੜ੍ਹ (ਵਿਕਾਸ, ਕਾਂਸਲ) : ਖ਼ੁਦ ਨੂੰ ਸੀ.ਆਈ.ਏ ਦਾ ਥਾਣੇਦਾਰ ਦੱਸਦਿਆਂ ਵਿਦੇਸ਼ ਭੇਜਣ ਦੇ ਨਾਂ 'ਤੇ ਵਿਅਕਤੀ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਭਵਾਨੀਗੜ੍ਹ ਪੁਲਸ ਨੇ ਧੋਖਾਦੇਹੀ ਤੇ ਹੋਰ ਧਾਰਾਵਾਂ ਤਹਿਤ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਸੁਰਜੀਤ ਪੁੱਤਰ ਸਿਮਰਨਾਥ ਵਾਸੀ ਨੂਰਪੁਰਾ ਥਾਣਾ ਭਵਾਨੀਗੜ੍ਹ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਲੜਕਾ ਦਰਸ਼ਨ ਸਿੰਘ ਪਨੀਰ ਵਗੈਰਾ ਤਿਆਰ ਕਰਕੇ ਪਟਿਆਲਾ ਵਿਖੇ ਡੇਅਰੀ 'ਤੇ ਸਪਲਾਈ ਕਰਦਾ ਸੀ ਜਿਸ ਦੌਰਾਨ ਉਸ ਦੀ ਰਾਹੁਲ ਨਰੂਲਾ ਨਾਂ ਦੇ ਵਿਅਕਤੀ ਨਾਲ ਜਾਣ ਪਛਾਣ ਹੋ ਗਈ। ਉਕਤ ਵਿਅਕਤੀ ਨੇ ਕਿਹਾ ਕਿ ਉਹ ਸੀ.ਆਈ.ਏ 'ਚ ਐੱਸ.ਐੱਚ.ਓ ਹੈ ਅਤੇ ਉਸ ਦੇ ਸਾਂਢੂ ਦੀ ਅਮਰੀਕਾ ਵਿਖੇ 2,500 ਏਕੜ ਜ਼ਮੀਨ ਹੈ ਜਿਸ ਲਈ ਉੱਥੇ ਉਸਨੂੰ ਕੰਮ ਲਈ ਲੜਕਿਆਂ ਦੀ ਜ਼ਰੂਰਤ ਹੈ। ਉਸਨੇ ਦਰਸ਼ਨ ਸਿੰਘ ਨੂੰ ਕਿਹਾ ਕਿ ਉਹ ਉਸਨੂੰ ਅਮਰੀਕਾ ਭੇਜ ਦੇਵੇਗਾ ਜਿਸ ਲਈ ਡੇਢ ਲੱਖ ਰੁਪਏ ਅਡਵਾਂਸ ਦੇਣਾ ਪਵੇਗਾ ਤੇ ਬਾਕੀ 22 ਲੱਖ ਰੁਪਏ ਤਨਖਾਹ 'ਚੋਂ ਕਿਸ਼ਤਾ ਵਿਚ ਕੱਟ ਲਏ ਜਾਣਗੇ। 

ਇਹ ਵੀ ਪੜ੍ਹੋ- 2024 ਦੀਆਂ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਸੰਗਰੂਰ ’ਚ ਹੋਈ ਪਹਿਲੀ ਮੀਟਿੰਗ

ਸ਼ਿਕਾਇਤਕਰਤਾ ਨੇ ਕਿਹਾ ਕਿ ਉਸਦੇ ਲੜਕੇ ਨੇ ਉਕਤ ਵਿਅਕਤੀ ਦੀਆਂ ਗੱਲਾਂ 'ਚ ਆ ਕੇ ਆਪਣਾ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਦੇ ਦਿੱਤੇ ਤੇ ਦੋ ਤਿੰਨ ਵਾਰੀ 'ਚ ਡੇਢ ਲੱਖ ਰੁਪਏ ਵੀ ਦੇ ਦਿੱਤੇ। ਜਿਸ ਉਪਰੰਤ ਕੁੱਝ ਮਹੀਨਿਆਂ ਬਾਅਦ ਪੁੱਛਣ 'ਤੇ ਉਕਤ ਵਿਅਕਤੀ ਨੇ ਕੋਈ ਰਾਹ ਨਾ ਦਿੱਤਾ ਤੇ ਦਬਾਅ ਪਾਉਣ 'ਤੇ ਧਮਕਾਉਣ ਲੱਗਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਨਾ ਹੀ ਵੀਜ਼ਾ ਲਗਵਾਇਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਇਸ ਤਰ੍ਹਾਂ ਨਾਲ ਉਕਤ ਵਿਅਕਤੀ ਨੇ ਧੋਖਾਦੇਹੀ ਕੀਤੀ ਹੈ। ਮਾਮਲੇ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ 'ਤੇ ਭਵਾਨੀਗੜ੍ਹ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਰਾਹੁਲ ਨਰੂਲਾ ਵਾਸੀ ਪਿੰਡ ਰਿਉਣਾ ਨੀਵਾਂ (ਫਤਿਹਗੜ੍ਹ ਸਾਹਿਬ) ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News