29 ਲੱਖ ਠੱਗਣ ਦੇ ਦੋਸ਼ ’ਚ 2 ਨਾਮਜ਼ਦ, 1 ਗ੍ਰਿਫਤਾਰ

Saturday, Jan 19, 2019 - 05:20 AM (IST)

29 ਲੱਖ ਠੱਗਣ ਦੇ ਦੋਸ਼ ’ਚ 2 ਨਾਮਜ਼ਦ, 1 ਗ੍ਰਿਫਤਾਰ

ਖੰਨਾ, (ਸੁਨੀਲ)- ਪੁਲਸ ਨੇ ਅਭਿਸ਼ੇਕ ਬਾਂਸਲ ਪੁੱਤਰ ਵਿਜੇ ਕੁਮਾਰ ਵਾਸੀ ਮੰਡੀ ਗੋਬਿੰਦਗਡ਼੍ਹ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਬਲਵਿੰਦਰ ਸਿੰਘ  ਲਾਲਕਾ ਪੁੱਤਰ ਖਜ਼ਾਨ ਸਿੰਘ ਵਾਸੀ  ਲੁਧਿਆਣਾ ਤੇ ਕੇਵਲ ਸਿੰਘ  ਪੁੱਤਰ ਲੇਟ ਰਾਮ ਸਿੰਘ ਵਾਸੀ  ਖੰਨਾ ਖਿਲਾਫ ਕੇਸ ਦਰਜ ਕਰਦੇ ਹੋਏ ਕਥਿਤ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।  ਸ਼ਿਕਾਇਤਕਰਤਾ ਦੇ ਅਨੁਸਾਰ ਉਹ ਲਾਲ ਜੀ ਸਟੀਲ ਕਾਰਪੋਰੇਸ਼ਨ ਅਮਲੋਹ ਰੋਡ ਨਜ਼ਦੀਕ ਭਾਂਬਰੀ ਮਿੱਲ ਦਾ ਮਾਲਕ ਹੈ।  ਕਥਿਤ ਦੋਸ਼ੀ ਕੇਵਲ ਸਿੰਘ  ਦੀ ਇਕ ਫੈਕਟਰੀ ਬੂਲੇਪੁਰ ’ਚ ਹੈ, ਜਿਸ ਦੀ ਸਾਰੀ ਮਸ਼ੀਨਰੀ ਅਤੇ ਮਿੱਲ ਦੇ ਸਾਮਾਨ ਦਾ ਸੌਦਾ ਉਸ ਦੇ ਨਾਲ 1 ਕਰੋਡ਼ 37 ਲੱਖ ’ਚ 31 ਅਗਸਤ 2018 ਨੂੰ ਕੀਤਾ  ਸੀ।  1 ਲੱਖ ਰੁਪਏ ਕੇਵਲ ਸਿੰਘ  ਨੂੰ ਅੈਡਵਾਂਸ ਦਿੱਤੇ  ਸਨ।  25 ਲੱਖ  ਦੇ 2 ਚੈੱਕ ਦਿੱਤੇ ਗਏ ਸਨ  ਬਾਕੀ ਦੀ ਰਹਿੰਦੀ ਰਕਮ ਫੈਕਟਰੀ ’ਚੋਂ ਸਾਮਾਨ ਆਦਿ ਸੇਲ ਹੋਣ ’ਤੇ ਦਿੱਤੀ ਜਾਣੀ ਸੀ।  ਇਹ ਸੌਦਾ ਕਥਿਤ  ਦੋਸ਼ੀ ਬਲਵਿੰਦਰ ਸਿੰਘ ਰਾਹੀਂ  ਕੀਤਾ ਗਿਆ ਸੀ।  ਇਸ ’ਚ ਸਾਧੂ ਸਿੰਘ  ਪੁੱਤਰ ਬੰਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਗਵਾਹ ਹੈ। ਸ਼ਿਕਾਇਤਕਰਤਾ ਜਦੋਂ ਬੂਲੇਪੁਰ ’ਚ ਫੈਕਟਰੀ ’ਚ ਗਿਆ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।  ਬਾਕੀ ਦੀ ਰਹਿੰਦੀ ਰਕਮ ਉਸ ਤੋਂ ਮੰਗੀ ਗਈ। ਬਾਅਦ ’ਚ ਉਸ ਨੂੰ ਪਤਾ ਲੱਗਿਆ ਕਿ ਕਥਿਤ ਦੋਸ਼ੀ ਕੇਵਲ ਸਿੰਘ  ਨੇ ਸੌਦਾ ਕਰਨ ਤੋਂ ਪਹਿਲਾਂ ਹੀ ਆਪਣੀ ਫੈਕਟਰੀ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ ਸੀ ।  ਇਸ ਸਬੰਧੀ ਜਦੋਂ ਕੇਵਲ ਸਿੰਘ  ਨਾਲ  ਗੱਲਬਾਤ ਕੀਤੀ ਗਈ ਤਾਂ ਉਹ ਗਾਲੀ-ਗਲੋਚ ’ਤੇ ਉੱਤਰ ਆਇਆ  ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਕਾਰਨ ਸ਼ਿਕਾਇਤਕਰਤਾ ਨੇ ਇਕ ਕੇਸ ਮਾਣਯੋਗ ਅਦਾਲਤ ’ਚ ਲਾਇਆ।   ਕੇਵਲ ਸਿੰਘ  ਨੂੰ ਸਟੇਅ ਦੀ ਕਾਪੀ ਵੀ ਭੇਜੀ ਗਈ।   ਇਸ ਦੇ ਬਾਵਜੂਦ ਫੈਕਟਰੀ ਦਾ ਬਾਕੀ ਸਾਮਾਨ ਵੀ ਵੇਚ ਦਿੱਤਾ ਗਿਆ। ਕੁਲ ਮਿਲਾ ਕੇ  ਕੇਵਲ ਸਿੰਘ  ਨੇ ਅਭੀਸ਼ੇਕ ਬਾਂਸਲ ਨਾਲ 26 ਲੱਖ ਦੀ ਠੱਗੀ ਕੀਤੀ ਅਤੇ ਬਲਵਿੰਦਰ ਸਿੰਘ  ਨੇ ਬਤੌਰ ਕਮਿਸ਼ਨ 3 ਲੱਖ ਰੁਪਏ ਲਏ ਕੁਲ 29 ਲੱਖ ਰੁਪਏ ਦੀ ਠੱਗੀ ਅਭਿਸ਼ੇਕ  ਦੇ ਨਾਲ ਕੀਤੀ ਗਈ।  ਇਸ ’ਤੇ ਪੁਲਸ ਨੇ ਅਭਿਸ਼ੇਕ ਬਾਂਸਲ ਦੀ ਸ਼ਿਕਾਇਤ ’ਤੇ ਕਥਿਤ  ਦੋਸ਼ੀਅਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਕੇਵਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।   ਇਸ ਸਬੰਧੀ ਆਈ. ਓ. ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀਆਂ ’ਚੋਂ ਕੇਵਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਦੂਜੇ  ਦੋਸ਼ੀ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।
 


author

KamalJeet Singh

Content Editor

Related News