ਸਾਬਕਾ ਮੰਤਰੀ ਜੱਸੀ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ,ਖ਼ਰਾਬ ਨਰਮੇ ਲਈ ਜਲਦ ਮੰਗਿਆ ਮੁਆਵਜ਼ਾ
Tuesday, Sep 28, 2021 - 06:16 PM (IST)
ਤਲਵੰਡੀ ਸਾਬੋ (ਮੁਨੀਸ਼) : ਕਾਂਗਰਸ ਦੇ ਸੀਨ:ਆਗੂ ਹਰਮੰਦਿਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਦਿਆਂ ਬਠਿੰਡਾ ਜ਼ਿਲ੍ਹੇ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਕਾਰਣ ਖਰਾਬ ਹੋਏ ਨਰਮੇ ਦੀ ਫਸਲ ਲਈ ਜਲਦ ਮੁਆਵਜੇ ਦੀ ਮੰਗ ਕੀਤੀ ਹੈ।
ਉਕਤ ਜਾਣਕਾਰੀ ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਜੱਸੀ ਦੇ ਕਰੀਬੀ ਜੈਦੀਪ ਸਿੰਘ ਜੱਸੀ ਨੇ ਦੱਸਿਆ ਕਿ ਹਰਮੰਦਿਰ ਸਿੰਘ ਜੱਸੀ ਨੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਦੌਰਾਨ ਜਿੱਥੇ ਸੂਬੇ ਦੇ ਸਿਆਸੀ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉੱਥੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਈ ਕਾਰਜਾਂ ਬਾਬਤ ਵੀ ਉਨ੍ਹਾਂ ਨੂੰ ਜਾਣੂੰ ਕਰਵਾਇਆ।ਉਨ੍ਹਾਂ ਦੱਸਿਆ ਕਿ ਜੱਸੀ ਨੇ ਮੁੱਖ ਮੰਤਰੀ ਵੱਲੋਂ ਗੁਲਾਬੀ ਸੁੰਡੀ ਕਾਰਣ ਖ਼ਰਾਬ ਹੋਈ ਨਰਮੇ ਦੀ ਫਸਲ ਲਈ ਵਿਸ਼ੇਸ਼ ਗਿਰਦਾਵਰੀ ਕਰਕੇ 15 ਦਿਨਾਂ ’ਚ ਅਧਿਕਾਰੀਆਂ ਤੋਂ ਰਿਪੋਰਟ ਮੰਗੇ ਜਾਣ ਦੀ ਸ਼ਲਾਘਾ ਕਰਦਿਆਂ ਇਹ ਅਪੀਲ ਵੀ ਕੀਤੀ ਕਿ ਗਿਰਦਾਵਰੀ ਦੌਰਾਨ ਕਿਸੇ ਨਾਲ ਪੱਖਪਾਤ ਨਾ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ ਜਾਣ ਤਾਂਕਿ ਹਰ ਪੀੜਤ ਨੂੰ ਮੁਆਵਜੇ ਦਾ ਲਾਭ ਮਿਲ ਸਕੇ ਅਤੇ ਮੁਆਵਜਾ ਵੀ ਗਿਰਦਾਵਰੀ ਦੇ ਤੁਰੰਤ ਬਾਅਦ ਐਲਾਨ ਦਿੱਤਾ ਜਾਵੇ ਤਾਂਕਿ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਕੇ ਅਗਲੀ ਫਸਲ ਦੀ ਬਿਜਾਈ ਜੋਗੇ ਹੋ ਸਕਣ।ਜੈਦੀਪ ਜੱਸੀ ਨੇ ਦੱਸਿਆ ਕਿ ਜੱਸੀ ਦੀ ਅਪੀਲ ਤੇ ਮੁੱਖ ਮੰਤਰੀ ਨੇ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਿਰਦਾਵਰੀ ਦੌਰਾਨ ਕਿਸੇ ਕਿਸਾਨ ਨਾਲ ਪੱਖਪਾਤ ਨਾ ਹੋਵੇ।