ਖਾਧ ਪਦਾਰਥਾਂ ’ਚ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡੀ. ਸੀ.
Thursday, Oct 25, 2018 - 01:17 AM (IST)

ਮੋਗਾ, (ਗੋਪੀ ਰਾਊਕੇ)- ਖਾਧ ਪਦਾਰਥਾਂ ’ਚ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਕੀਤੀ ਨਹੀਂ ਜਾਵੇਗੀ ਅਤੇ ਮਿਲਾਵਟਖੋਰੀ ਕਰਨ ਵਾਲੇ ਕਿਸੇ ਵੀ ਦੁਕਾਨਦਾਰ/ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ਤੋਂ ਆਏ ਹਲਵਾਈ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ਼) ਲਾਲ ਵਿਸ਼ਵਾਸ ਬੈਸ, ਸਹਾਇਕ ਕਮਿਸ਼ਨਰ ਫੂਡ ਸੇਫਟੀ ਹਰਪ੍ਰੀਤ ਕੌਰ ਅਤੇ ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਵੀ ਮੌਜੂਦ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਦੀਪ ਹੰਸ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਆਮ ਲੋਕਾਂ ਲਈ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਨੂੰ ਮੁੱਖ ਰੱਖਦਿਆਂ ਕੇਵਲ ਮੁਨਾਫੇ ਨੂੰ ਹੀ ਤਵੱਜੋ ਨਹੀਂ ਦੇਣੀ ਚਾਹੀਦੀ ਬਲਕਿ ਲੋਕਾਂ ਦੀ ਸਿਹਤ ਦਾ ਵੀ ਪਹਿਲ ਦੇ ਆਧਾਰ ’ਤੇ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਜ਼ਿਲੇ ਦੇ ਹਲਵਾਈਆਂ/ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਮਿਲਾਵਟ ਰਹਿਤ ਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾਡ਼ ਨਾ ਹੋ ਸਕੇ ਅਤੇ ‘ਤੰਦਰੁਸਤ ਪੰਜਾਬ’ ਦੀ ਸਿਰਜਣਾ ’ਚ ਯੋਗਦਾਨ ਪਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲੇ ਦੀ ਫੂਡ ਸੇਫਟੀ ਟੀਮ ਵੱਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਸਮੇਂ-ਸਮੇਂ ਸਿਰ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਜਗਤਾਰ ਸਿੰਘ, ਡੀ. ਐੱਸ. ਪੀ. ਸੱਤਪਾਲ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਨਿਰਵੈਰ ਸਿੰਘ ਬਰਾਡ਼ ਅਤੇ ਵੱਖ-ਵੱਖ ਸ਼ਹਿਰਾਂ/ਕਸਬਿਆਂ ਤੋਂ ਹਲਵਾਈ ਐਸੋਸੀਏਸ਼ਨਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਮਠਿਆਈਆਂ ’ਤੇ ਐਲੂਮੀਨੀਅਮ ਦੇ ਵਰਕ ਦੀ ਵਰਤੋਂ ਨਾ ਕੀਤੀ ਜਾਵੇ
ਸਹਾਇਕ ਕਮਿਸ਼ਨਰ ਫੂਡ ਸੇਫਟੀ ਹਰਪ੍ਰੀਤ ਕੌਰ ਨੇ ਸਮੂਹ ਹਲਵਾਈਆਂ ਨੂੰ ਮਿਲਾਵਟ ਰਹਿਤ ਮਠਿਆਈਆਂ ਵੇਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮਠਿਆਈਆਂ ’ਚ ਗੂਡ਼੍ਹੇ ਰੰਗ ਜਾਂ ਐਲੂਮੀਨੀਅਮ ਆਦਿ ਦੇ ਵਰਕ ਦੀ ਵਰਤੋਂ ਨਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਮਠਿਆਈਆਂ ਬਣਾਉਣ ਲਈ ਮਿਆਰੀ ਤੇ ਸ਼ੁੱਧ ਖੋਏ ਦੀ ਵਰਤੋਂ ਕੀਤੀ ਜਾਵੇ ਅਤੇ ਮੈਦਾ/ਸੂਜੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕਈ ਦੁਕਾਨਦਾਰ ਵੱਧ ਮੁਨਾਫੇ ਲਈ ਦੁੱਧ ’ਚ ਪਾਣੀ, ਸਕਿੱਮਡ ਮਿਲਕ ਪਾਊਡਰ, ਗੁਲੂਕੋਜ਼, ਮਾਲਟੋ-ਡੈਕਸ ਟਿਰਨ ਆਦਿ ਪਾਉਂਦੇ ਹਨ, ਜੋ ਕਿ ਫੂਡ ਸੇਫਟੀ ਐਕਟ ਦੀ ਘੋਰ ਉਲੰਘਣਾ ਹੈ। ਉਨ੍ਹਾਂ ਦੁੱਧ ਵਿਕ੍ਰਤਾਵਾਂ ਨੂੰ ਅਜਿਹਾ ਦੁੱਧ ਵੇਚਣ ਅਤੇ ਦੁੱਧ ਜਾਂ ਦੁੱਧ ਦੇ ਪਦਾਰਥਾਂ ’ਚ ਕਿਸੇ ਤਰ੍ਹਾਂ ਦੀ ਮਿਲਾਵਟ ਨਾ ਕਰਨ ਦੀ ਅਪੀਲ ਕੀਤੀ।
ਗੈਰ ਮਿਆਰੀ ਦੁੱਧ ਦੇ ਸੈਂਪਲ ਪਾਏ ਜਾਣ ’ਤੇ ਹੋ ਸਕਦੈ 5 ਲੱਖ ਦਾ ਜੁਰਮਾਨਾ
ਫੂਡ ਸੇਫਟੀ ਕਮਿਸ਼ਨਰ ਨੇ ਕਿਹਾ ਕਿ ਖੋਏ ਲਈ ਨਕਲੀ ਦੁੱਧ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਫੂਡ ਸੇਫਟੀ ਟੀਮ ਵੱਲੋਂ ਗੈਰ ਮਿਆਰੀ ਦੁੱਧ ਦੇ ਸੈਂਪਲ ਪਾਏ ਜਾਣ ’ਤੇ ਫੂਡ ਸੇਫਟੀ ਐਕਟ ਅਧੀਨ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਲਾਵਟ ਵਾਲੇ ਦੁੱਧ ਜਾਂ ਦੁੱਧ ਵਾਲੇ ਪਦਾਰਥਾਂ ਜਿਵੇਂ ਕਿ ਮਿਲਾਵਟੀ ਦੁੱਧ, ਘੀ, ਪਨੀਰ ਸਬੰਧੀ ਜਾਣਕਾਰੀ ਦੇਣ ਲਈ ਸੰਪਰਕ ਕੀਤਾ ਜਾ ਸਕਦਾ ਹੈ।