ਗ਼ਰੀਬਾਂ ਲਈ ਆਇਆ ''ਆਟਾ'' ਹੋਇਆ ਖ਼ਰਾਬ, ਟਰਾਲੀਆਂ ਭਰ ਟੋਇਆਂ ''ਚ ਦੱਬਣ ਸਮੇਂ ਹੋਇਆ ਹੰਗਾਮਾ
Wednesday, Oct 28, 2020 - 06:04 PM (IST)
ਬਠਿੰਡਾ (ਸੁਖਵਿੰਦਰ): ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਲਗਭਗ 3 ਟਰਾਲੀਆਂ ਆਟੇ ਦੀਆਂ ਜੌਗਰ ਪਾਰਕ 'ਚ ਖੱਡਾ ਪੁੱਟ ਕੇ ਜ਼ਮੀਨ ਹੇਠ ਦਬਾ ਦਿੱਤੀਆਂ ਗਈਆਂ, ਜਿਸ ਕਾਰਨ ਹੰਗਾਮਾ ਹੋ ਗਿਆ। ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਦੋਸ਼ ਲਾਇਆ ਕਿ ਉਕਤ ਆਟਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਨੂੰ ਵੰਡਣ ਲਈ ਮੁਹੱਈਆ ਕਰਵਾਇਆ ਗਿਆ ਸੀ ਪਰ ਉਕਤ ਆਟਾ ਲੋਕਾਂ 'ਚ ਵੰਡਿਆ ਨਹੀਂ ਗਿਆ। ਹੁਣ ਜਦੋਂ ਆਟਾ ਖ਼ਰਾਬ ਹੋ ਗਿਆ ਤਾਂ ਉਨ੍ਹਾਂ ਨੇ ਚੋਰੀ ਛਿਪੇ ਰਾਤ ਸਮੇਤ ਜੌਗਰ ਪਾਰਕ 'ਚ ਇਸ ਨੂੰ ਦਬਾ ਦਿੱਤਾ। ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਗੈਂਗਸਟਰਾਂ ਨਾਲ ਤਾਰਾਂ ਜੁੜਨ ਕਾਰਨ 'ਮਲੋਟ' ਮੁੜ ਸੁਰਖ਼ੀਆਂ 'ਚ, ਇਹ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਮੌਕੇ 'ਤੇ ਪਹੁੰਚ ਗਏ।ਉਨ੍ਹਾਂ ਨੇ ਜੇ.ਸੀ.ਬੀ.ਦੀ ਮਦਦ ਨਾਲ ਜ਼ਮੀਨ ਹੇਠ ਦੱਬੇ ਆਟੇ ਨੂੰ ਬਾਹਰ ਕਢਵਾਇਆ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਇਕ ਐੱਸ.ਡੀ.ਓ. ਨੇ ਦੱਸਿਆ ਕਿ ਉਕਤ ਆਟਾ ਉਸਦੀ ਦੇਖ-ਰੇਖ ਹੇਠ ਹੀ ਦਬਾਇਆ ਗਿਆ ਹੈ, ਜਦਕਿ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।'ਆਪ' ਨੇ ਕਾਂਗਰਸ 'ਤੇ ਲਾਏ ਰਾਸ਼ਨ ਘੁਟਾਲੇ ਦੇ ਦੋਸ਼ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਅੰਮ੍ਰਿਤ ਅਗਰਵਾਲ, ਅਮਰਦੀਪ ਰਾਜਨ ਅਤੇ ਹੋਰਨਾਂ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਲੋੜਵੰਦਾਂ ਨੂੰ ਵੰਡਣ ਲਈ ਆਏ ਰਾਸ਼ਨ ਨੂੰ ਕਾਂਗਰਸੀਆਂ ਅਤੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਮਿਲ ਕੇ ਖੁਰਦ-ਬੁਰਦ ਕੀਤਾ ਅਤੇ ਜ਼ਿਆਦਾਤਰ ਰਾਸ਼ਨ ਆਪਣੇ ਮਨਪਸੰਦ ਲੋਕਾਂ 'ਚ ਵੰਡਿਆ।
ਇਹ ਵੀ ਪੜ੍ਹੋ: ਫਾਜ਼ਿਲਕਾ: ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ, 2 ਸਕੂਲ ਕੀਤੇ ਗਏ ਬੰਦ
ਇਸ ਤਰ੍ਹਾਂ ਕਰਕੇ ਉਨ੍ਹਾਂ ਇਕ ਵੱਡਾ ਘੁਟਾਲਾ ਕੀਤਾ।ਲੋਕ ਭੁੱਖ਼ ਨਾਲ ਰੋਂਦੇ ਰਹੇ ਪਰ ਕਾਂਗਰਸੀਆਂ ਨੇ ਰਾਸ਼ਨ ਸਟੋਰ ਕਰ ਕੇ ਰੱਖ ਲਿਆ। ਹੁਣ ਜਦੋਂ ਆਟਾ ਖ਼ਰਾਬ ਹੋ ਗਿਆ ਸੀ, ਤਾਂ ਲਗਭਗ 3 ਟਰਾਲੀਆਂ ਰਾਤ ਸਮੇਂ ਭਰ ਕੇ ਜ਼ਮੀਨ 'ਚ ਦੱਬ ਦਿੱਤੀਆਂ। ਉਨ੍ਹਾਂ ਮੰਗ ਕੀਤੀ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਆਟੇ ਨੂੰ ਬੈਗਾਂ 'ਚੋਂ ਕੱਢ ਕੇ ਮਿੱਟੀ 'ਚ ਦਬਾਇਆ ਗਿਆ, ਜਦਕਿ ਨਿੱਜੀ ਕੰਪਨੀਆਂ ਦਾ ਆਟਾ ਬੈਗਾਂ ਸਮੇਤ ਹੀ ਦਬਾ ਦਿੱਤਾ ਗਿਆ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦੁਕਾਨ 'ਚ ਅਚਾਨਕ ਲੱਗੀ ਅੱਗ ਕਾਰਨ ਧੂੰਏ 'ਚ ਦਮ ਘੁਟਣ ਨਾਲ ਨੌਜਵਾਨ ਦੀ ਮੌਤ
ਐੱਸ. ਡੀ. ਓ. ਨੇ ਮੰਨਿਆ ਖਰਾਬ ਸੀ ਆਟਾ
ਮੌਕੇ 'ਤੇ ਪਹੁੰਚੇ ਨਗਰ ਨਿਗਮ ਦੇ ਐੱਸ. ਡੀ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਆਟਾ ਮੁਲਾਜ਼ਮਾਂ ਵਲੋਂ ਆਪਣੇ ਪੱਧਰ 'ਤੇ ਇਕੱਤਰ ਕੀਤਾ ਗਿਆ ਸੀ ਪਰ ਬਹੁਤੇ ਕੰਮ ਕਾਰਨ ਉਕਤ ਆਟਾ ਨਹੀਂ ਵੰਡਿਆ ਜਾ ਸਕਿਆ। ਹੁਣ ਆਟਾ ਖਰਾਬ ਹੋ ਗਿਆ ਸੀ ਅਤੇ ਬਦਬੂ ਆਉਣ ਲੱਗੀ ਸੀ। ਇਸ ਕਰ ਕੇ ਉਨ੍ਹਾਂ ਨੇ ਆਪਣੀ ਦੇਖ-ਰੇਖ ਹੇਠ ਆਟਾ ਜੌਗਰ ਪਾਰਕ 'ਚ ਦਬਾ ਦਿੱਤਾ।
ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ
ਕੀ ਕਹਿੰਦੇ ਹਨ ਨਗਰ ਨਿਗਮ ਕਮਿਸ਼ਨਰ
ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਜੇ. ਸੀ. ਬੀ. ਦੀ ਸਹਾਇਤਾ ਨਾਲ, ਆਟੇ ਨੂੰ ਖੱਡੇ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਗੰਭੀਰ ਹੈ। ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।