ਫਿਰੋਜ਼ਪੁਰ 'ਚ ਪੈਟਰੋਲ ਪੰਪ ਤੇ ਬੈਂਕ ਨੇੜੇ ਲੱਗੀ ਭਿਆਨਕ ਅੱਗ

02/28/2020 7:30:45 PM

ਮੱਖੂ,(ਵਾਹੀ)-ਨੈਸ਼ਨਲ ਹਾਈਵੇ 54 'ਤੇ ਸਥਿਤ ਸਤਪਾਲ ਪੈਟਰੋਲ ਪੰਪ ਅਤੇ ਕੋਟਕ ਮਹਿੰਦਰਾ ਬੈਂਕ ਅਤੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫਤਰ ਨਾਲ ਲੱਗਦੇ ਕਬਾੜ ਦੇ ਗੋਦਾਮ 'ਚ ਸ਼ੁੱਕਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ। ਅੱਗ ਦੀ ਘਟਨਾ ਦਾ ਪਤਾ ਲੱਗਦੇ ਹੀ ਨੇੜੇ ਰਹਿੰਦੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਕਾਰਜ ਸਿੰਘ ਆਹਲਾਂ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸਾਬਕਾ ਕੌਂਸਲਰ ਕਾਰਜ ਸਿੰਘ ਬੁੱਲ੍ਹੋਕੇ, ਅਮਨ ਥਿੰਦ ਅਤੇ ਹੋਰ ਉੱਦਮੀ ਨੌਜਵਾਨ ਜਾਨ 'ਤੇ ਖੇਡ ਕੇ ਅੱਗ ਬੁਝਾ ਰਹੇ ਸਨ ਪਰ ਜ਼ੀਰਾ ਵਿਖੇ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਦੀ ਨਵੀਂ ਗੱਡੀ ਕਰਮਚਾਰੀਆਂ ਦੇ ਨਾ ਹੋਣ ਕਰ ਕੇ ਚਿੱਟਾ ਹਾਥੀ ਹੀ ਸਾਬਤ ਹੋਈ। ਜਦਕਿ ਫਿਰੋਜ਼ਪੁਰ ਤੋਂ ਅੱਗ ਬੁਝਾਊ ਗੱਡੀ 2 ਘੰਟਿਆਂ ਦੀ ਦੇਰੀ ਨਾਲ ਪਹੁੰਚੀ। ਸਥਾਨਕ ਲੋਕਾਂ ਅਤੇ ਹੀਰੋ ਫਾਰਮ ਤੋਂ ਆਏ ਟਰੈਕਟਰਾਂ ਨਾਲ ਚੱਲਣ ਵਾਲੇ ਸਪਰੇਅ ਪੰਪਾਂ ਦੀ ਮਦਦ ਤੋਂ ਇਲਾਵਾ ਆਲੇ-ਦੁਆਲੇ ਦੇ ਲੋਕਾਂ ਨੇ ਵੀ ਅੱਗ ਨੂੰ ਵਧਣੋਂ ਰੋਕਣ ਲਈ ਲਗਾਤਾਰ ਕੋਸ਼ਿਸ਼ ਜਾਰੀ ਰੱਖੀ। ਲੋਕਾਂ ਦੀ ਭੀੜ 'ਤੇ ਕਾਬੂ ਪਾਉਣ ਲਈ ਥਾਣਾ ਮੱਖ਼ੂ ਦੇ ਮੁੱਖ ਅਫਸਰ ਇੰਸਪੈਕਟਰ ਬਚਨ ਸਿੰਘ ਪੁਲਸ ਫੋਰਸ ਲੈ ਕੇ ਕੁਝ ਮਿੰਟਾਂ 'ਚ ਪਹੁੰਚ ਗਏ। ਅੱਗ ਦੇ ਕਹਿਰ ਕਾਰਣ ਲੋਕਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਸੀ ਅਤੇ ਨੈਸ਼ਨਲ ਹਾਈਵੇ ਦੇ ਆਲੇ-ਦੁਆਲੇ ਧੂੰਏਂ ਕਾਰਣ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੋ ਗੱਡੀਆਂ ਦੇ ਅਮਲੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਦੇਖ ਕੇ ਮੌਕੇ 'ਤੇ ਹਾਜ਼ਰ ਕੁਝ ਆਗੂਆਂ ਵੱਲੋਂ ਪੈਟਰੋਲ ਪੰਪ, ਬੈਂਕ, ਢਾਬਾ ਨੇੜੇ ਆਦਿ ਹੋਣ ਕਰ ਕੇ ਜਦੋਂ ਮੀਡੀਆ ਦੀ ਹਾਜ਼ਰੀ 'ਚ ਹੋਰ ਅੱਗ ਬੁਝਾਊ ਗੱਡੀਆਂ ਦੀ ਮੰਗ ਕੀਤੀ ਤਾਂ ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਤਰਨਤਾਰਨ ਅਤੇ ਮੋਗਾ ਵਿਖੇ ਸੰਪਰਕ ਕਰੋ।

PunjabKesari

ਬੈਂਕ ਅਧਿਕਾਰੀਆਂ ਅਤੇ ਪੰਪ ਮਾਲਕਾਂ ਨੇ ਆਪਣੇ ਬਚਾਅ ਲਈ ਕੀਤੇ ਪ੍ਰਬੰਧ
ਅੱਗ ਲੱਗਣ 'ਤੇ ਕੋਟਕ ਮਹਿੰਦਰਾ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀ ਦਰਵਾਜ਼ਾ ਬੰਦ ਕਰ ਕੇ ਬੈਂਕ 'ਚੋਂ ਬਾਹਰ ਆ ਗਏ। ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਬੈਂਕ ਅੰਦਰ ਅੱਗ ਪਹੁੰਚਣ ਦੀ ਹਾਲਤ 'ਚ ਅੱਗ ਬੁਝਾਉਣ ਦੇ ਸਾਰੇ ਉਪਕਰਨ ਮੌਜੂਦ ਹਨ। ਫਿਲਹਾਲ ਕੋਈ ਖਤਰੇ ਵਾਲੀ ਗੱਲ ਨਹੀਂ। ਪੈਟਰੋਲ ਪੰਪ ਮਾਲਕ ਵਿੱਕੀ ਠੁਕਰਾਲ ਨੇ ਆਖਿਆ ਕਿ ਅਸੀਂ ਇੰਤਜ਼ਾਮ ਕਰ ਲਏ ਹਨ।

PunjabKesari

ਕੀ ਕਹਿਣੈ ਪੀੜਤ ਦੁਕਾਨਦਾਰ ਦਾ
ਗੋਦਾਮ ਦੇ ਪਿਛਲੇ ਹਿੱਸੇ 'ਚ ਅੱਗ ਲੱਗਣ ਨਾਲ ਸਦਮੇ ਕਾਰਣ ਅੰਦਰ ਹੀ ਬੈਠੇ ਦੁਕਾਨਦਾਰ ਬਾਰੇ ਪਤਾ ਲੱਗਾ ਤਾਂ ਮੀਡੀਆ ਨੇ ਬਾਹਰ ਆਉਣ ਲਈ ਪ੍ਰੇਰਿਆ। ਪੁੱਛੇ ਜਾਣ 'ਤੇ ਪੀੜਤ ਅਵਤਾਰ ਸਿੰਘ ਤਾਰੀ ਨੇ ਆਖਿਆ ਕਿ ਉਸ ਦੇ ਬੇਟੇ ਦੀ ਮੌਤ ਤੋਂ ਬਾਅਦ ਬੀਮਾਰ ਪਤਨੀ ਲਈ ਦਵਾਈ ਲੈਣ ਗਿਆ ਸੀ ਤਾਂ ਪਿੱਛੋਂ ਅੱਗ ਦੀ ਘਟਨਾ ਦਾ ਪਤਾ ਲੱਗਾ। ਪੀੜਤ ਅਨੁਸਾਰ ਉਸ ਦਾ ਚਾਰ ਤੋਂ ਪੰਜ ਲੱਖ ਤੱਕ ਦਾ ਨੁਕਸਾਨ ਹੋ ਚੁੱਕਾ ਹੈ। ਅੱਗ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਭਾਰੀ ਮੁਸ਼ੱਕਤ ਤੋਂ ਬਾਅਦ 5 ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਹੀਰੋ, ਕਾਰਜ ਸਿੰਘ ਆਹਲਾਂ, ਇੰਦਰਜੀਤ ਸਿੰਘ ਜ਼ੀਰਾ ਅਤੇ ਮਹਿੰਦਰ ਮਦਾਨ ਪ੍ਰਧਾਨ ਨਗਰ ਪੰਚਾਇਤ, ਵਿਜੇ ਕਾਲੜਾ, ਐੱਸ. ਡੀ. ਐੱਮ. ਜ਼ੀਰਾ ਵੀ ਪਹੁੰਚੇ ਅਤੇ ਜਾਇਜ਼ਾ ਲਿਆ।

PunjabKesari

 

 


Related News