ਪਲਾਟ ਆਪਣੇ ਨਾਂ ਕਰਵਾਉਣ ਲਈ ਦਾਦਾ ਕੁੱਟਿਆ
Friday, Nov 23, 2018 - 04:54 AM (IST)

ਖੰਨਾ, (ਸੁਨੀਲ)- ਸ਼ਹਿਰ ਦੇ ਮੋਤੀ ਨਗਰ ’ਚ ਇਕ ਪੋਤੇ ਨੇ ਪਲਾਟ ਨਾਂ ਕਰਵਾਉਣ ਸਬੰਧੀ ਆਪਣੇ 80 ਸਾਲਾਂ ਦੇ ਦਾਦਾ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਬ਼ਜ਼ੁਰਗ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਡਾਕਟਰਾਂ ਨੇ ਐੱਮ. ਐੱਲ. ਆਰ. ਦੇ ਰਾਹੀਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਸੀ ਅਤੇ ਉਥੇ ਹੀ ਪੁਲਸ ਨੇ ਬਜ਼ੁਰਗ ਦੇ ਬਿਆਨ ਕਲਮਬੱਧ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਭਾਗ ਸਿੰਘ (80) ਪੁੱਤਰ ਕੇਹਰ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਉਸ ਦੇ ਇਕ ਪਲਾਟ ਨੂੰ ਆਪਣੇ ਨਾਂ ਕਰਵਾਉਣ ਸਬੰਧੀ ਉਸ ਦਾ ਇਕ ਪੋਤਾ ਅਕਸਰ ਉਸ ਦੇ ਨਾਲ ਕੁੱਟ-ਮਾਰ ਕਰਦਾ ਹੈ। ਕੱਲ ਵੀ ਉਸ ਨੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਗੁਆਂਢੀਆਂ ਨੇ ਉਸ ਨੂੰ ਜ਼ਖ਼ਮੀ ਹਾਲਤ ’ਚ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਉਹ ਜ਼ੇਰੇ ਇਲਾਜ ਹੈ। ਇਸ ਸਬੰਧੀ ਜਦੋਂ ਦੂਜੇ ਪੱਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਕਿਸੇ ਨੇ ਬਜ਼ੁਰਗ ਨਾਲ ਕੁੱਟ-ਮਾਰ ਨਹੀਂ ਕੀਤੀ।