ਲਾਧੂਕਾ ਮਾਇਨਰ ਦਾ ਤੀਜੀ ਵਾਰ ਪਾੜ ਪੈਣ ਕਾਰਨ 50 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ , ਕਿਸਾਨਾਂ ਨੇ ਦਿੱਤਾ ਧਰਨਾ

07/01/2022 3:07:09 PM

ਮੰਡੀ ਲਾਧੂਕਾ ( ਸੰਧੂ) : ਅੱਜ ਤੜਕਸਾਰ ਮੰਡੀ ਘੁਬਾਇਆ ਅਤੇ ਭੱਬਾਵੱਟੂ ਦੇ ਵਿਚਕਾਰ ਲਾਧੂਕਾ ਮਾਇਨਰ ਬੁਰਜੀ ਨੰਬਰ 155 ਤੋਂ ਤੀਜੀ ਵਾਰ ਟੁੱਟ ਗਈ। ਮਾਇਨਰ ਦੇ ਟੁੱਟਣ ਨਾਲ ਕਰੀਬ 12 ਫੁੱਟ ਦਾ ਪਾੜ ਪੈ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਕਰੀਬ 50 ਏਕੜ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ। ਜਿਸ ਨਾਲ ਫਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਧਰ ਲਾਧੂਕਾ ਮਾਇਨਰ ਦੇ ਤੀਜੀ ਵਾਰ ਟੁੱਟਣ ਦੇ ਰੋਸ ਵਜੋਂ ਕਿਸਾਨ ਯੂਨੀਅਨ ਵਲੋਂ ਐੱਫ.ਐੱਫ ਰੋਡ ਘੁਬਾਇਆ ਨਜ਼ਦੀਕ ਰੋਸ ਧਰਨਾ ਦਿੱਤਾ ਗਿਆ ਅਤੇ ਨਹਿਰੀ ਪ੍ਰ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਰੋਸ ਪ੍ਰਗਟ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਲਾਧੂਕਾ ਮਾਇਨਰ ਬੁਰਜੀ ਨੰਬਰ 155 ਤੋਂ ਟੁੱਟਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦਿੱਤੀ ਪਰ 11 ਵਜੇ ਤੱਕ ਕੋਈ ਵੀ ਨਹਿਰੀ ਵਿਭਾਗ ਦਾ ਅਫ਼ਸਰ ਮੌਕੇ 'ਤੇ ਨਹੀਂ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਜੇ.ਸੀ.ਬੀ ਮਸ਼ੀਨ ਪਹੁੰਚ ਜਾਂਦੀ ਤਾਂ ਸਮੇਂ ਰਹਿੰਦਿਆਂ ਨਹਿਰ ਨੂੰ ਬੰਨਿਆ ਜਾ ਸਕਦਾ ਸੀ। ਕਿਸਾਨਾਂ ਨੇ ਦੱਸਿਆ ਕਿ ਹਰ ਵਾਰ ਬੁਰਜੀ ਨੰਬਰ 155 ਤੋਂ ਮਾਇਨਰ ਟੁੱਟ ਜਾਂਦੀ ਹੈ ਅਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ- ਪਠਾਨਕੋਟ ਚੌਂਕ ਨੇੜੇ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਉੱਡੇ ਚਿੱਥੜੇ

ਉਧਰ ਦੂਜੇ ਪਾਸੇ ਮਾਇਨਰ ਟੁੱਟਣ ਦੀ ਸੂਚਨਾ ਤੋਂ ਬਾਅਦ ਨਾਇਬ ਤਹਿਸੀਲਦਾਰ ਵਿਕ੍ਰਮ ਗੁੰਬਰ, ਐੱਸ.ਐੱਚ.ਓ ਸਦਰ ਗੁਰਜੰਟ ਸਿੰਘ ਅਤੇ ਏ.ਐੱਸ.ਆਈ ਬਲਕਾਰ ਸਿੰਘ ਚੌਂਕੀ ਇੰਚਾਰਜ ਘੁਬਾਇਆ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਨਹਿਰੀ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ । ਉਧਰ ਦੂਜੇ ਪਾਸੇ ਮਾਇਨਰ ਦੇ ਨਾਲ ਲੱਗਦੇ ਕਿਸਾਨ ਮੱਖਣ ਸਿੰਘ, ਹਰਦੀਪ ਸਿੰਘ, ਜਰਨੈਲ ਸਿੰਘ,ਬਹਿਲ ਸਿੰਘ, ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਇਨਰ ਦੇ ਨਾਲ ਖੇਤ ਹੈ ਅਤੇ ਅੱਜ ਮਾਇਨਰ ਦੇ ਟੁੱਟਣ ਨਾਲ ਉਨ੍ਹਾਂ ਵਲੋਂ ਬਿਜਾਈ ਕੀਤੇ ਗਏ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਕਰੀਬ 40 ਤੋਂ 50 ਏਕੜ ਝੋਨੇ ਦੀ ਫ਼ਸਲ ਨਹਿਰੀ ਪਾਣੀ ਦੇ ਨਾਲ ਪ੍ਰਭਾਵਿਤ ਹੋਈ ਹੈ। 

ਇਹ ਵੀ ਪੜ੍ਹੋ- ਫ਼ਾਜ਼ਿਲਕਾ : ਵਾਹੀ ਕਰ ਰਹੇ ਕਿਸਾਨ ਦੇ ਖੇਤ 'ਚੋਂ ਨਿਕਲਿਆ ਬੰਬ

ਇਸ ਬਾਰੇ ਜਦੋਂ ਨਹਿਰੀ ਵਿਭਾਗ ਦੇ ਐੱਸ.ਡੀ.ਓ ਸੁਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਬੱਘੇਕੇ ਨਜ਼ਦੀਕ ਲਾਧੂਕਾ ਮਾਇਨਰ ਦਾ ਵਹਾਅ ਇਕ ਵਾਰ ਰੋਕਿਆ ਗਿਆ ਸੀ ਪਰ ਕਿਸਾਨਾਂ ਵਲੋਂ ਪਾਣੀ ਵਹਾਅ ਅੱਗੇ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲਾਧੂਕਾ ਮਾਇਨਰ ਦੀ ਮੁਰੰਮਤ ਲਈ 42 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ ਅਤੇ ਬੁਰਜੀ ਨੰੱਬਰ 155 ਜਿੱਥੇ ਵਾਰ-ਵਾਰ ਦਿੱਕਤ ਆ ਰਹੀ ਹੈ ਉਥੇ ਨਹਿਰ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਾਲ ਹੀ ਬਰਮਾਂ ਤੇ ਵੀ ਮਿੱਟੀ ਪਾਈ ਜਾਵੇਗੀ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News