ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ‘ਟਿਫਿਨ ਬੰਬ’ ਗਿਰੋਹ ਦੇ 2 ਮੈਂਬਰ ਕਾਬੂ
Friday, Oct 08, 2021 - 05:59 PM (IST)
ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਇੰਸਪੈਕਟਰ ਮਨੋਜ ਕੁਮਾਰ ਐੱਸ. ਐੱਚ. ਓ. ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਹੇਠ ‘ਟਿਫਿਨ ਬੰਬ’ ਗਿਰੋਹ ਦੇ 2 ਮੈਂਬਰਾਂ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਚਾਂਦੀ ਵਾਲਾ ਅਤੇ ਸੁਕੀਨ ਪੁੱਤਰ ਅਮੀਰ ਸਿੰਘ ਵਾਸੀ ਮੋਹਰ ਸਿੰਘ ਵਾਲਾ ਉਰਫ ਧਰਮੂ ਵਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਚੀਮਾ ਅਤੇ ਡੀ.ਐੱਸ.ਪੀ. ਸਿਟੀ ਫਿਰੋਜ਼ਪੁਰ ਸਤਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਗਿਰੋਹ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਧਮਾਕੇ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਮੰਤਰੀਆਂ ਸਮੇਤ ਪਹੁੰਚੇ ਲਖੀਮਪੁਰ ਖੀਰੀ, ਪੀੜਤ ਕਿਸਾਨ ਪਰਿਵਾਰਾਂ ਨਾਲ ਵੰਡਾਇਆ ਦੁੱਖ
ਫੜੇ ਗਏ ਦੋਵਾਂ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ 6 ਸਤੰਬਰ 2021 ਨੂੰ ਉਨ੍ਹਾਂ ਨੇ ਨਮਕ ਮੰਡੀ ਫਿਰੋਜ਼ਪੁਰ ਸ਼ਹਿਰ ’ਚ ਬਲਾਸਟ ਕੀਤਾ ਸੀ। ਇਨ੍ਹਾਂ ਨੇ ਰਮੇਸ਼ ਕੁਮਾਰ ਮੌਂਗਾ ਪੁੱਤਰ ਮਦਨ ਲਾਲ ਮੌਂਗਾ ਵਾਸੀ ਬਾਉਲੀ ਰਾਮ ਦਿਆਲ ਜੰਡੀ ਮੁਹੱਲਾ ਫਿਰੋਜ਼ਪੁਰ ਸ਼ਹਿਰ ਦੀ ਮੁਨਿਆਰੀ ਦੀ ਦੁਕਾਨ ਤੇ ਬਸਤੀ ਬਲੋਚਾਂ ਵਾਲੀ ’ਚ ਰਾਜਿੰਦਰ ਕੁਮਾਰ ਪੁੱਤਰ ਸ਼ਾਮ ਲਾਲ ਦੀ ਬਾਹਰ ਖੜ੍ਹੀ ਕਰੇਟਾ ਕਾਰ ਨੰ. ਐੱਚ.ਆਰ. 26 ਡੀ.ਐੱਚ. 8443 ਨੂੰ ਅੱਗ ਲਗਾਈ ਸੀ। ਐੱਸ. ਪੀ. ਚੀਮਾ ਅਤੇ ਡੀ. ਐੱਸ. ਪੀ. ਵਿਰਕ ਨੇ ਦੱਸਿਆ ਕਿ ਬਲਾਸਟ ਦੀ ਘਟਨਾ ਤੋਂ ਤੁਰੰਤ ਬਾਅਦ ਐੱਸ. ਐੱਸ. ਪੀ. ਫਿਰੋਜ਼ਪੁਰ ਰਾਜਪਾਲ ਸਿੰਘ ਸੰਧੂ ਵੱਲੋਂ ਟੀਮਾਂ ਦਾ ਗਠਨ ਕਰ ਕੇ ਅਪਰਾਧੀਆਂ ਨੂੰ ਫੜਨ ਦੇ ਹੁਕਮ ਦਿੱਤੇ ਗਏ ਹਨ ਅਤੇ ਥਾਣਾ ਸਿਟੀ ਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਸਖਤ ਮਿਹਨਤ ਕਰਦਿਆਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦਾ ਪੰਜਾਬ ’ਚ ਕਿਹੜੀਆਂ-ਕਿਹੜੀਆਂ ਅਪਰਾਧਿਕ ਘਟਨਾਵਾਂ ਕਰਨ ਅਤੇ ਕਿੱਥੇ-ਕਿੱਥੇ ਟਿਫਿਨ ਬੰਬ ਲਾਉਣ ਦੀ ਯੋਜਨਾ ਸੀ ਤੇ ਪਾਕਿ ’ਚ ਕਿਹੜੇ-ਕਿਹੜੇ ਅੱਤਵਾਦੀ ਸੰਗਠਨਾਂ ਨਾਲ ਉਨ੍ਹਾਂ ਦੇ ਸਬੰਧ ਹਨ।